ਲੁਧਿਆਣਾ, 3 ਅਗਸਤ: ਲੁਧਿਆਣਾ ਦੇ ਰਾਹੋਂ ਰੋਡ ਇਲਾਕੇ ਦੇ ਵਿਚ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਿਲ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ 2 ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਦੀ ਪਛਾਣ ਰਾਣਾ ਤੇ ਰਾਕੇਸ਼ ਵੱਜੋਂ ਹੋਈ ਹੈ। ਰਾਕੇਸ਼ ਇੱਕ ਆਟੋ ਚਾਲਕ ਹੈ ਜੋ ਆਪਣੇ ਸਾਥੀ ਨਾਲ ਰਾਣਾ ਦੇ ਨਾਲ ਘਰੇ ਵਾਪਸ ਪਰਤ ਰਿਹਾ ਸੀ। ਹਾਸਿਲ ਜਾਣਕਾਰੀ ਮੁਤਾਬਕ ਉਹ ਇੱਕ ਰੇਹੜੀ ਵਾਲੇ ਕੋਲ ਖਾਣ-ਪੀਣ ਨੂੰ ਰੁਕੇ ਤਾਂ ਰੇਹੜੀ ਵਾਲੇ ਨਾਲ ਕਿਸੀ ਗੱਲ ਨੂੰ ਲੈ ਕੇ ਦੋਵਾਂ ਦੀ ਹੱਥੋ ਪਾਈ ਹੋ ਗਈ। ਦੱਸਿਆ ਜਾ ਰਿਹਾ ਕਿ ਰੇਹੜੀ ਵਾਲੇ ਦਾ ਮੁੰਡਾ ਗਗਨਦੀਪ ਜੋ ਕਿ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ ਸਾਹਮਣੇ ਹੀ ਬੈਠਾ ਸੀ, ਪਿਤਾ ਨਾਲ ਧੱਕਾ ਹੁੰਦਾ ਵੇਖ ਉਹ ਰਾਕੇਸ਼ ਤੇ ਰਾਣਾ ਨਾਲ ਭਿੜ ਗਿਆ। ਜਿਸਤੋਂ ਬਾਅਦ ਗਗਨਦੀਪ ਤੇ ਉਸਦੇ ਸਾਥੀ ਦੋਵੇਂ ਨੌਜਵਾਨਾਂ 'ਤੇ ਭਾਰੀ ਪੈ ਗਏ। ਗੱਲ ਇਹਨੀਂ ਵੱਧ ਗਈ ਕਿ ਗਗਨਦੀਪ ਨੇ ਫਾਇਰਿੰਗ ਕਰ ਦਿੱਤੀ ਜਿਸ ਵਿਚ ਦੋਵੇਂ ਗੋਲੀ ਲੱਗਣ ਨਾਲ ਫੱਟੜ ਹੋ ਗਏ। ਦੱਸਿਆ ਜਾ ਰਿਹਾ ਕਿ ਗੋਲੀਆਂ ਚਲਾਉਣ ਵਾਲਾ 6 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਇਆ ਹੈ। ਆਰੋਪੀ 'ਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ। ਦੋਵਾਂ ਜ਼ਖ਼ਮੀਆਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਲੋਕਾਂ ਦੇ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਤੇ ਇਸ ਪੂਰੇ ਮਾਮਲੇ ਦਾ ਜਾਇਜ਼ਾ ਲਿਆ। ਪੁਲਿਸ ਦਾ ਕਹਿਣਾ ਕਿ ਆਰੋਪੀ ਦੀ ਪਛਾਣ ਹੋ ਚੁੱਕੀ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ .32 ਬੋਰ ਦੀ ਪਿਸਤੌਲ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ, ਮੌਕੇ 'ਤੇ 4 ਸ਼ੈੱਲ ਵੀ ਬਰਾਮਦ ਹੋਏ ਹਨ। ਪੁਲਿਸ ਦਾ ਕਹਿਣਾ ਕਿ ਜਿਸ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ ਉਹ ਗ਼ੈਰਕਾਨੂੰਨੀ ਹੈ। -PTC News