ਨਵੀਂ ਦਿੱਲੀ : ਦਿੱਲੀ ਦੇ ਉਪਹਾਰ ਸਿਨੇਮਾ ਹਾਲ ਵਿੱਚ ਐਤਵਾਰ ਸਵੇਰੇ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਥੀਏਟਰ ਦੀ ਬਾਲਕੋਨੀ ਅਤੇ ਇੱਕ ਹੋਰ ਥਾਂ ਲੱਗੀ ਅੱਗ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਤੜਕੇ 4:46 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ 9 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਸਿਨੇਮਾ ਹਾਲ ਦੀਆਂ ਸੀਟਾਂ, ਫਰਨੀਚਰ ਅਤੇ ਕੂੜੇ ਨੂੰ ਅੱਗ ਲੱਗ ਗਈ ਸੀ ਅਤੇ ਸਵੇਰੇ 7.20 ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਅੱਗ ਨਾਲ ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਉਹੀ ਥੀਏਟਰ ਹੈ ਜਿੱਥੇ 13 ਜੂਨ 1997 ਨੂੰ ਭਿਆਨਕ ਅੱਗ ਲੱਗਣ ਦੀ ਘਟਨਾ ਵਿੱਚ 59 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਘਟਨਾ ਦੀ ਸੂਚਨਾ ਸਵੇਰੇ 4.45 ਵਜੇ ਦੇ ਕਰੀਬ ਮਿਲੀ ਜਦੋਂ ਉਪਹਾਰ ਸਿਨੇਮਾ ਥੀਏਟਰ ਦੇ ਅੰਦਰ ਲੱਕੜ ਦੀਆਂ ਕੁਰਸੀਆਂ ਅਤੇ ਫਰਨੀਚਰ ਨੂੰ ਅੱਗ ਲੱਗ ਗਈ। “ਸਾਨੂੰ ਸਵੇਰੇ 4.45 ਵਜੇ ਅੱਗ ਲੱਗਣ ਦੀ ਘਟਨਾ ਬਾਰੇ ਫ਼ੋਨ ਆਇਆ ਅਤੇ ਅੱਗ ਬੁਝਾਉਣ ਲਈ 9 ਫਾਇਰ ਟੈਂਡਰ ਮੌਕੇ ਉਤੇ ਪਹੁੰਚ ਗਏ। ਅੱਗ 'ਤੇ ਸਵੇਰੇ 7.15 ਵਜੇ ਦੋ ਘੰਟਿਆਂ ਵਿੱਚ ਕਾਬੂ ਪਾ ਲਿਆ ਗਿਆ। ਅੱਗ ਬੁਝਾਊ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਜਾਂ ਸੱਟ ਨਹੀਂ ਲੱਗੀ। ਦੱਖਣੀ ਦਿੱਲੀ ਦੇ ਗ੍ਰੀਨ ਪਾਰਕ ਦੇ ਕੇਂਦਰ ਵਿੱਚ ਸਥਿਤ ਉਪਹਾਰ ਸਿਨੇਮਾ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬੰਦ ਹੈ। ਸਿਨੇਮਾ ਹਾਲ ਨੂੰ 1997 ਵਿੱਚ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ ਕਾਫੀ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਇਹ ਵੀ ਪੜ੍ਹੋ : CM ਭਗਵੰਤ ਮਾਨ ਭਲਕੇ ਕਰਨਗੇ ਦਿੱਲੀ ਦੇ ਸਕੂਲਾਂ ਤੇ ਕਲੀਨਿਕਾਂ ਦਾ ਦੌਰਾ, ਸਿੱਖਿਆ ਤੇ ਸਿਹਤ ਮੰਤਰੀ ਵੀ ਹੋਣਗੇ ਸ਼ਾਮਲ