ਪੰਜਾਬ 'ਚ ਗੈਂਗਵਾਰ ਦਾ ਖ਼ਦਸ਼ਾ, ਕੇਂਦਰ ਨੇ ਪੰਜਾਬ ਪੁਲਿਸ ਨੂੰ ਦਿੱਤੀ ਇਤਲਾਹ
Gang War In Punjab: ਕੇਂਦਰੀ ਸਰਕਾਰ ਦੀ ਖ਼ੁਫ਼ੀਆ ਏਜੇਂਸੀ ਨੇ ਚਿੱਠੀ ਲਿਖ ਪੰਜਾਬ ਪੁਲਿਸ ਨੂੰ ਇਤਲਾਹ ਦਿੱਤੀ ਕਿ ਪੰਜਾਬ 'ਚ ਗੈਂਗਵਾਰ ਵਰਗੀ ਸਥਿਤੀ ਦੇ ਹਾਲਤ ਬਣਨ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਦਵਿੰਦਰ ਬੰਬੀਹਾ ਗਰੁੱਪ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰ ਸਕਦਾ ਅਤੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੂੰ ਕੋਰਟ ਵਿਚ ਪੇਸ਼ੀ ਦੌਰਾਨ ਮਾਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜਿਸਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ ਅਤੇ ਗੈਂਗਵਾਰ ਦੀ ਸਥਿਤੀ ਨਾਲ ਨਜਿੱਠਣ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਜੇਂਸੀ ਨੇ ਆਪਣੇ ਪੱਤਰ 'ਚ ਕਿਹਾ ਕਿ ਬੰਬੀਹਾ ਗਰੁੱਪ ਦੇ ਗੁਰਗੇ ਵਕੀਲਾਂ ਦੇ ਭੇਸ਼ 'ਚ ਅਦਾਲਤ 'ਚ ਪੇਸ਼ੀ ਦੌਰਾਨ ਗੈਂਗਸਟਰਾਂ 'ਤੇ ਹਮਲਾ ਕਰ ਸਕਦੇ ਹਨ। ਇਸ ਦੇ ਨਾਲ ਹੀ ਬੰਬੀਹਾ ਗੈਂਗ ਵੱਲੋਂ ਮੂਸੇਵਾਲਾ ਦੇ ਕਾਤਲਾਂ ਦਾ ਸਾਥ ਦੇਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ। ਬੰਬੀਹਾ ਗੈਂਗ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਦੋ ਵਾਰ ਪਹਿਲਾਂ ਵੀ ਧਮਕੀ ਦੇ ਚੁੱਕੀ ਹੈ। ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਗੈਂਗਸਟਰ ਸੁੱਖਾ ਕਾਹਲੋਂ ਦਾ ਪੇਸ਼ੀ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਫ਼ਿਲਹਾਲ ਪੁਲਿਸ ਦੀ ਗ੍ਰਿਫ਼ਤ 'ਚ ਨੇ, ਜਿਨ੍ਹਾਂ ਤੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਅਤੇ ਹੋਰਾਂ ਕੇਸਾਂ ਦੇ ਸਬੰਧ 'ਚ ਪੁੱਛਗਿੱਛ ਜਾਰੀ ਹੈ। ਇਨ੍ਹਾਂ ਗੈਂਗਸਟਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਜਾਣਕਾਰੀ ਹਾਸਿਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ 'ਤੇ ਹੈ ਤੇ ਇਨ੍ਹਾਂ ਦੀ ਸੁਰੱਖਿਆ 'ਚ ਪਹਿਲਾਂ ਨਾਲੋਂ ਵਾਧਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਖ਼ੁਫ਼ੀਆ ਜਾਣਕਾਰੀ ਮੁਤਾਬਕ ਗੈਂਗਸਟਰ ਸਾਰਜ ਮਿੰਟੂ ਦੀ ਕੁਝ ਦਿਨ ਪਹਿਲਾਂ ਬਠਿੰਡਾ ਜੇਲ੍ਹ ਵਿੱਚ ਕੁੱਟਮਾਰ ਕੀਤੀ ਗਈ ਸੀ। ਇਹ ਕੁੱਟਮਾਰ ਵੀ ਬੰਬੀਹਾ ਗੈਂਗ ਨੇ ਕੀਤੀ ਸੀ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਮਿੰਟੂ ਵੀ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸੀ ਅਤੇ ਉਸਨੇ ਹੀ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਕਤਲ ਤੋਂ ਪਹਿਲਾਂ ਕੋਰੋਲਾ ਗੱਡੀ ਉਪਲਬੱਧ ਕਰਵਾਈ ਸੀ। -PTC News