20 ਸਤੰਬਰ ਨੂੰ ਫਿਲੌਰ ਵਿਖੇ ਅੰਮ੍ਰਿਤਸਰ-ਦਿੱਲੀ ਹਾਈਵੇ ਜਾਮ ਕਰਨਗੀਆਂ ਕਿਸਾਨਾਂ ਸਮੇਤ ਹੋਰ ਭਰਾਤਰੀ ਜਥੇਬੰਦੀਆਂ

By  Jasmeet Singh September 17th 2022 05:28 PM

ਜਲੰਧਰ,17 ਸਤੰਬਰ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਅੱਜ ਐਲਾਨ ਕੀਤਾ ਹੈ ਕਿ ਮਜ਼ਦੂਰ ਮੋਰਚੇ ਵੱਲੋਂ 20 ਸਤੰਬਰ ਨੂੰ ਫਿਲੌਰ ਵਿਖੇ ਅੰਮ੍ਰਿਤਸਰ-ਦਿੱਲੀ ਹਾਈਵੇ ਜਾਮ ਕੀਤਾ ਜਾਵੇਗਾ। ਸਾਂਝੇ ਮਜ਼ਦੂਰ ਮੋਰਚੇ ਆਗੂਆਂ ਕ੍ਰਮਵਾਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਗੁਲਜ਼ਾਰ ਗੌਰੀਆਂ, ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਭਗਵੰਤ ਸਿੰਘ ਸਮਾਓ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਖਵੀਰ ਲੌਂਗੋਵਾਲ ਅਤੇ ਜ਼ਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਸਤੰਬਰ ਨੂੰ ਸ਼ਾਮ ਵੇਲੇ ਦੋ ਮਜ਼ਦੂਰ ਫਿਲੌਰ ਵਿਖੇ ਤੇਜ਼ ਰਫ਼ਤਾਰ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ। ਮਜ਼ਦੂਰ ਆਗੂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਲੱਗੇ ਤਿੰਨ ਦਿਨਾਂ ਧਰਨੇ ਤੋਂ ਆਪਣੇ ਸਾਥੀਆਂ ਸਮੇਤ ਘਰਾਂ ਨੂੰ ਵਾਪਿਸ ਪਰਤ ਰਹੇ ਸਨ ਕਿ ਫਿਲੌਰ ਵਿਖੇ ਉਕਤ ਹਾਦਸਾ ਵਾਪਰ ਗਿਆ। ਸਾਂਝੇ ਮਜ਼ਦੂਰ ਮੋਰਚੇ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮਜ਼ਦੂਰਾਂ ਦੀ ਇਸ ਦਰਦਨਾਕ ਮੌਤ ਲਈ ਪੰਜਾਬ ਸਰਕਾਰ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੂਨ ਮਹੀਨੇ ਵਿੱਚ ਮਜ਼ਦੂਰਾਂ ਵੱਲੋਂ ਸੰਗਰੂਰ ਵਿਖੇ ਦੋ ਵੱਡੀਆਂ ਰੈਲੀਆਂ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਧਾਲੀਵਾਲ ਨਾਲ 7-8 ਜੂੂਨ ਨੂੰ ਮੀਟਿੰਗਾਂ ਵੀ ਹੋਈਆਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਜ਼ਦੂਰ ਮੰਗਾਂ ਪ੍ਰਤੀ ਬੁਰੀ ਤਰ੍ਹਾਂ ਬੇਰੁਖੀ ਵਾਲਾ ਰਵੱਈਆ ਧਾਰਨ ਕੀਤਾ ਗਿਆ ਹੈੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗੱਲ ਮੰਨ ਕੇ ਵੀ ਮੰਗਾਂ ਲਾਗੂ ਨਹੀਂ ਕੀਤੀਆਂ। ਜਿਸ ਕਰਕੇ ਸਾਂਝੇ ਮਜਦੂਰ ਮੋਰਚੇ ਵਲੋਂ 12-13 ਅਤੇ 14 ਸਤੰਬਰ ਨੂੰ ਦੁਬਾਰਾ ਫਿਰ ਸੂਬਾ ਪੱਧਰੀ ਧਰਨਾ ਲਾਉਣਾ ਪਿਆ। ਆਗੂਆਂ ਨੇ ਦੱਸਿਆ ਕਿ ਇਸੇ ਧਰਨੇ ਤੋਂ ਪਰਤਦਿਆਂ ਹੀ ਫਿਲੌਰ ਵਿਖੇ ਉਕਤ ਹਾਦਸਾ ਵਾਪਰ ਗਿਆ। ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਨੇ ਸਿਰੜੀ ਅੰਦੋਲਨ ਕਰਕੇ ਸ਼ੰਘਰਸ਼ ਦੌਰਾਨ ਹੋਣ ਵਾਲੀਆਂ ਮੌਤਾਂ, ਸ਼ਹਾਦਤਾਂ ਲਈ ਸਰਕਾਰ ਕੋਲੋਂ ਮੁਆਵਜ਼ਾ ਲੈਣ ਦੀ ਮੰਗ ਮੰਨਵਾਈ ਹੋਈ ਹੈ। ਹੁਣ ਤੱਕ ਸੈਂਕੜੇ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਵੀ ਚੁੱਕਿਆ ਹੈ ਪਰ ਇਸ ਕੇਸ ਵਿੱਚ ਜ਼ਿਲ੍ਹਾ ਜਲੰਧਰ ਪ੍ਰਸ਼ਾਸਨ ਅਤੇ ਸਰਕਾਰ ਮੁਆਵਜ਼ਾ ਦੇਣ ਤੋਂ ਆਨਾਕਾਨੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਫੌਤ ਹੋਏ ਮਜ਼ਦੂਰਾਂ ਦਾ ਅਜੇ ਤੱਕ ਸਸਕਾਰ ਨਹੀਂ ਕੀਤਾ ਗਿਆ। ਮੋਰਚੇ ਦੇ ਆਗੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪਰਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਹਾਦਸੇ ਦੇ ਸ਼ਿਕਾਰ ਹੋਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਾ ਐਲਾਣਨਾ ਪੰਜਾਬ ਸਰਕਾਰ ਦੀ ਮਜ਼ਦੂਰ ਦੋਖੀ ਮਾਨਸਿਕਤਾ ਦੀ ਨਿਸ਼ਾਨੀ ਹੈ। ਉਨ੍ਹਾਂ ਸਰਕਾਰ ਦੇ ਇਸ ਰਵੱਈਏ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਆਮ ਆਦਮੀ ਦਾ ਮਖੌਟਾ ਪਾਈ ਬੈਠੀ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਮਜ਼ਦੂਰ ਵਿਰੋਧੀ ਹੈ। ਉਨ੍ਹਾਂ ਕਿਹਾ ਕਿ 15 ਸਤੰਬਰ ਤੋਂ ਸਾਂਝੇ ਮੋਰਚੇ ਦੀ ਅਗਵਾਈ ਹੇਠ ਮਜ਼ਦੂਰ-ਕਿਸਾਨ ਐੱਸ.ਡੀ.ਐੱਮ. ਫਿਲੌਰ ਦੇ ਦਫ਼ਤਰ ਅੱਗੇ ਧਰਨਾ ਲਾਈ ਬੈਠੇ ਹਨ ਪਰ ਪ੍ਰਸ਼ਾਸਨ ਦਾ ਰਵੱਈਆ ਅਤਿ ਨਿੰਦਣਯੋਗ ਅਤੇ ਮਜਦੂਰ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਜਥੇਬੰਦੀਆਂ ਮੰਗਲਵਾਰ ਨੂੰ ਹਾਈਵੇ ਜਾਮ ਕਰਨਗੀਆਂ। -PTC News

Related Post