ਨਵੀਂ ਦਿੱਲੀ - ਹਿੰਦੀ ਦੀ ਮਸ਼ਹੂਰ ਲੇਖਿਕਾ ਮੰਨੂ ਭੰਡਾਰੀ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲਾਂ ਦੀ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਉਹ ਬਿਮਾਰ ਰਹਿੰਦੀ ਸੀ ਉਸ ਦੀ ਧੀ ਨੇ ਪੁਸ਼ਟੀ ਕੀਤੀ ਕਿ ਉਸ ਦਾ ਅੰਤਿਮ ਸੰਸਕਾਰ ਭਲਕੇ ਦਿੱਲੀ ਵਿਚ ਕੀਤਾ ਜਾਵੇਗਾ। 'ਮਹਾਭੋਜ' ਅਤੇ 'ਆਪਕਾ ਬੰਟੀ' ਵਰਗੀਆਂ ਸ਼ਾਨਦਾਰ ਰਚਨਾਵਾਂ ਦੀ ਲੇਖਕਾ ਮੰਨੂ ਭੰਡਾਰੀ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਿਆ।
ਮੰਨੂੰ ਭੰਡਾਰੀ ਦੇ ਦੇਹਾਂਤ ਕਾਰਨ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦੇਹਾਂਤ 'ਤੇ ਸਾਰੇ ਸਾਹਿਤਕਾਰਾਂ, ਪੱਤਰਕਾਰਾਂ, ਫਿਲਮ ਜਗਤ ਅਤੇ ਰਾਜਨੀਤੀ ਨਾਲ ਜੁੜੇ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ।
ਮੰਨੂੰ ਭੰਡਾਰੀ ਦੀ ਬੇਟੀ ਰਚਨਾ ਯਾਦਵ ਨੇ ਕਿਹਾ, 'ਉਹ ਕਰੀਬ 10 ਦਿਨਾਂ ਤੋਂ ਬਿਮਾਰ ਸੀ। ਉਹ ਹਰਿਆਣਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ, ਜਿੱਥੇ ਅੱਜ ਦੁਪਹਿਰ ਉਨ੍ਹਾਂ ਨੇ ਆਖਰੀ ਸਾਹ ਲਿਆ। ਰਚਨਾ ਨੇ ਦੱਸਿਆ ਕਿ ਮੰਨੂ ਭੰਡਾਰੀ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
3 ਅਪ੍ਰੈਲ 1931 ਨੂੰ ਭਾਨਪੁਰਾ, ਮੱਧ ਪ੍ਰਦੇਸ਼ ਵਿੱਚ ਜਨਮੀ ਭੰਡਾਰੀ ਪ੍ਰਸਿੱਧ ਸਾਹਿਤਕਾਰ ਰਾਜੇਂਦਰ ਯਾਦਵ ਦੀ ਪਤਨੀ ਸੀ। ਉਨ੍ਹਾਂ ਨੇ ਦਿੱਲੀ ਦੇ ਵੱਕਾਰੀ ਮਿਰਾਂਡਾ ਹਾਊਸ ਕਾਲਜ ਵਿੱਚ ਇੱਕ ਅਧਿਆਪਕ ਵਜੋਂ ਵੀ ਕੰਮ ਕੀਤਾ।
-PTC News