ਝੀਲ 'ਚ ਡੁੱਬਣ ਵਾਲਿਆਂ ਦੇ ਪਰਿਵਾਰਾਂ ਨੇ ਸਹਾਇਤਾ ਰਾਸ਼ੀ ਦੀ ਬਜਾਏ ਮੰਗੀ ਸਰਕਾਰੀ ਨੌਕਰੀ
ਸ੍ਰੀ ਅਨੰਦਪੁਰ ਸਾਹਿਬ, 2 ਅਗਸਤ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਦੇਣ ਦੇ ਐਲਾਨ ਤੋਂ ਬਾਅਦ ਪੀੜਤ ਪਰਿਵਾਰ ਦਾ ਦਰਦ ਝਲਕਿਆ ਤੇ ਪਰਿਵਾਰਕ ਮੈਂਬਰਾਂ ਨੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੈਸਿਆਂ ਦੀ ਥਾਂ ਸਰਕਾਰ ਸਾਰੇ ਪਰਿਵਾਰਾਂ ਵਿੱਚੋਂ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਧਰ ਸਕੇ। ਦੱਸਣਯੋਗ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਗਏ ਹਨ ਉਹ ਸਾਰੇ ਬਹੁਤ ਹੀ ਗਰੀਬ ਪਰਿਵਾਰਾਂ ਨਾਲ ਤਾਲੁਕ ਰੱਖਦੇ ਸਨ। ਜਿਸ ਘਰ ਵਿੱਚੋਂ ਇੱਕ ਵਾਰੀ 'ਚ ਚਾਰ ਲਾਸ਼ਾਂ ਉੱਠੀਆਂ ਨੇ, ਉੱਥੇ ਹੁਣ ਕੋਈ ਵੀ ਕਮਾਉਣ ਵਾਲਾ ਨਹੀਂ ਬਚਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੀ ਟਵੀਟ ਕਰ ਇਹ ਐਲਾਨ ਕੀਤਾ ਕਿ ਗੋਬਿੰਦ ਸਾਗਰ ਝੀਲ ਵਿਚ ਡੁੱਬਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਮੁੱਖ ਮੰਤਰੀ ਰਿਲੀਫ ਫ਼ੰਡ ਵਿੱਚੋਂ ਜਾਰੀ ਕੀਤੀ ਜਾਵੇਗੀ। ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲ ਤੋਂ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, "ਵੈਸੇ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਕਿਸੇ ਵੀ ਕਰੰਸੀ ਵਿੱਚ ਨਾਪੀ ਨਹੀਂ ਜਾ ਸਕਦੀ ਫਿਰ ਵੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਓਹਨਾਂ ਦਾ ਦੁੱਖ ਘੱਟ ਹੋ ਜਾਂਦਾ ਏ…ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ ਮਰੇ ਬਨੂੜ ਦੇ 7 ਨੌਜਵਾਨਾਂ ਦੇ ਹਰੇਕ ਪਰਿਵਾਰ ਨੂੰ ਮੁੱਖ ਮੰਤਰੀ ਰੀਲੀਫ ਫੰਡ ਚੋਂ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ…" ਹਾਸਿਲ ਜਾਣਕਾਰੀ ਮੁਤਾਬਕ ਪਰਿਵਾਰ ਦੇ ਜਾਣ-ਪਛਾਣ ਵਾਲਿਆਂ ਦਾ ਕਹਿਣਾ ਹੈ ਕਿ ਇਨ੍ਹੀ ਵੱਡੀ ਵਾਰਦਾਤ ਹੋਣ ਮਗਰੋਂ ਵੀ ਸਰਕਾਰ ਦਾ ਕੋਈ ਨੁਮਾਇੰਦਾ ਅਜੇ ਤੱਕ ਉਨ੍ਹਾਂ ਨੂੰ ਮਿਲਣ ਨਹੀਂ ਪਹੁੰਚਿਆ ਹੈ। ਦੱਸ ਦੇਈਏ ਕਿ ਸੱਤ ਲਾਸ਼ਾਂ ਦਾ ਪੋਸਟਮਾਰਟਮ ਹੋ ਚੁੱਕਿਆ ਅਤੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਸ੍ਰੀ ਨੈਣਾ ਦੇਵੀ ਤੋਂ ਬਾਬਾ ਬਾਲਕ ਨਾਥ ਜੀ ਦੇ ਮੰਦਰ ਵੱਲ ਜਾਂਦੇ ਸਮੇਂ ਬਨੂੜ ਨਾਲ ਸਬੰਧਤ 11 ਨੌਜਵਾਨ ਊਨਾ ਦੀ ਗੋਬਿੰਦ ਸਾਗਰ ਝੀਲ ਵਿੱਚ ਨਹਾਉਣ ਲਈ ਉਤਰੇ ਸਨ। ਇਸ ਦੌਰਾਨ 7 ਨੌਜਵਾਨ ਡੂੰਘੇ ਪਾਣੀ ਵਿੱਚ ਡੁੱਬ ਗਏ। ਗੋਤਾਖੋਰਾਂ ਨੇ 7 ਨੌਜਵਾਨਾਂ ਦੀ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਪਵਨ ਕੁਮਾਰ (35 ਸਾਲ) ਪੁੱਤਰ ਸੁਰਜੀਤ ਰਾਮ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਰਮਨ ਕੁਮਾਰ (19 ਸਾਲ) ਪੁੱਤਰ ਲਾਲ ਚੰਦ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਲਖਬੀਰ ਸਿੰਘ (16) ਪੁੱਤਰ ਰਮੇਸ਼ ਲਾਲ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਅਰੁਣ ਕੁਮਾਰ (14 ਸਾਲ) ਪੁੱਤਰ ਰਮੇਸ਼ ਕੁਮਾਰ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਵਿਸ਼ਾਲ ਕੁਮਾਰ (18 ਸਾਲ) ਪੁੱਤਰ ਰਾਜੂ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਸ਼ਿਵਾ (16) ਪੁੱਤਰ ਅਵਤਾਰ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ ਤੇ ਲਾਭ ਸਿੰਘ (17 ਸਾਲ) ਪੁੱਤਰ ਲਾਲ ਚੰਦ ਪਿੰਡ ਬਨੂੜ ਜ਼ਿਲ੍ਹਾ ਵਜੋਂ ਹੋਈ ਹੈ। -PTC News