ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ ਨੇੜੇ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ
ਮੁਹਾਲੀ : ਇਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ’ਤੇ ਸੋਮਵਾਰ ਰਾਤ ਨੂੰ ਹਮਲੇ ਦੇ ਕਰੀਬ 16 ਘੰਟੇ ਬਾਅਦ ਪੁਲੀਸ ਨੇ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਹਮਲੇ ਬਾਰੇ ਦੂਜੇ ਦਿਨ ਵੀ ਪੰਜਾਬ ਪੁਲੀਸ ਦਾ ਵੱਡਾ ਅਤੇ ਛੋਟਾ ਅਧਿਕਾਰੀ ਕੁੱਝ ਵੀ ਬੋਲਣ ਤੋਂ ਕਤਰਾ ਰਿਹਾ ਹੈ। ਉਂਝ ਪੁਲੀਸ ਨੇ ਇੰਟੈਲੀਜੈਂਸ ਵਿੰਗ ਦਫ਼ਤਰ ਦੇ ਨੇੜਲੇ ਮੋਬਾਈਲ ਟਾਵਰਾਂ ਦੀ ਰੇਂਜ ਵਾਲੇ ਕਰੀਬ 7 ਹਜ਼ਾਰ ਮੋਬਾਈਲ ਫੋਨਾਂ ਦਾ ਡੰਪ ਚੁੱਕਿਆ ਅਤੇ ਦਿਨ ਵੇਲੇ ਇਸ ਖੇਤਰ ਵਿੱਚ ਜ਼ਿਆਦਾ ਸਮਾਂ ਰਹੇ ਵਿਅਕਤੀਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ। ਮੁੱਢਲੀ ਜਾਂਚ ਵਿੱਚ ਸੀਸੀਟੀਵੀ ਫੁਟੇਜ ਵਿੱਚ ਸ਼ੱਕੀ ਸਵਿਫ਼ਟ ਕਾਰ ਵੀ ਇੰਟੈਲੀਜੈਂਸ ਵਿੰਗ ਦੇ ਨੇੜੇ ਤੇੜੇ ਗੇੜੇ ਮਾਰਦੀ ਨਜ਼ਰ ਆ ਰਹੀ ਹੈ। ਇਸ ਕਾਰ ਵਿੱਚ ਤਿੰਨ ਚਾਰ ਵਿਅਕਤੀ ਸਵਾਰ ਦੱਸੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਰੇਕੀ ਕੀਤੀ ਗਈ ਸੀ। ਇਸ ਹਮਲੇ ਤੋਂ ਬਾਅਦ ਮੁਹਾਲੀ ਕੌਮਾਂਤਰੀ ਏਅਰਪੋਰਟ ਅਤੇ ਰੇਲਵੇ ਸਟੇਸ਼ਨ ’ਤੇ ਵੀ ਸੁਰੱਖਿਆ ਵਧਾਈ ਗਈ ਹੈ। ਫੋਰੈਂਸਿਕ ਟੀਮਾਂ ਨੂੰ ਵੀ ਸੱਦ ਕੇ ਸੈਂਪਲ ਲਏ ਗਏ ਹਨ।
ਮੁਹਾਲੀ 'ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ਦੀ ਇਮਾਰਤ 'ਤੇ ਸ਼ੱਕੀ ਰਾਕੇਟ ਡਿੱਗਣ ਦੀ ਖ਼ਬਰ ਤੋਂ ਬਾਅਦ ਸਨਸਨੀ ਫੈਲ ਗਈ। ਧਮਾਕੇ ਨਾਲ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਸ ਦੇ ਨਾਲ ਹੀ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਕਰੀਬ 7:45 ਵਜੇ ਦਫਤਰ ਦੀ ਤੀਜੀ ਮੰਜ਼ਿਲ 'ਤੇ ਰਾਕੇਟ ਵਰਗੀ ਕੋਈ ਚੀਜ਼ ਟਕਰਾਈ। ਇਸ ਧਮਾਕੇ ਨਾਲ ਦਫਤਰ ਦੀਆਂ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਪੁਲਿਸ ਦੇ ਕਈ ਉੱਚ ਅਧਿਕਾਰੀ ਮੌਕੇ ਉਤੇ ਮੌਜੂਦ ਸਨ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਏ। ਸੀਐਮ ਭਗਵੰਤ ਮਾਨ ਨੇ ਧਮਾਕੇ ਦੀ ਰਿਪੋਰਟ ਮੰਗੀ ਹੈ। ਹਾਲਾਂਕਿ ਪੁਲਿਸ ਨੇ ਅੱਤਵਾਦੀ ਘਟਨਾ ਤੋਂ ਇਨਕਾਰ ਕੀਤਾ ਹੈ। ਧਮਾਕੇ ਦਾ ਕਾਰਨ ਜਾਣਨ ਲਈ ਲਈ ਮੌਕੇ ਉਤੇ ਫੋਰੈਂਸਿਕ ਟੀਮ ਸੱਦੀ ਗਈ। ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਤੋਂ ਧਮਾਕੇ ਸਬੰਧੀ ਰਿਪੋਰਟ ਮੰਗ ਲਈ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।
ਇਸ ਪਾਸੇ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਅਤੇ ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਾਹਨਾਂ ਦੀ ਜਾਂਚ ਆਰੰਭ ਦਿੱਤੀ ਗਈ। ਮੁਹਾਲੀ ਪੁਲਿਸ ਦੀ ਸੂਚਨਾ ਮਿਲਣ ਉਪਰੰਤ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗੁਆਂਢੀ ਸੂਬਿਆਂ ਨਾਲ ਲੱਗਦੀਆਂ ਹੱਦਾਂ ਵੀ ਸੀਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਹਮਲਾ ਹੋ ਸਕਦਾ ਹੈ, ਇਸ ਪਹਿਲੂ ਨੂੰ ਵੀ ਖ਼ਾਰਿਜ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮੋਹਾਲੀ ਬਲਾਸਟ ਮਾਮਲੇ 'ਚ NIA ਦੀ ਟੀਮ ਅੱਜ ਮੋਹਾਲੀ ਆ ਸਕਦੀ ਹੈ।
ਪੰਜਾਬੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਹਾਲੀ 'ਚ ਹੋਏ ਬਲਾਸਟ ਦੀ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ। ਜਿਸ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।