ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਪੇਸ਼ੀ ਅੱਜ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਨਾਜ ਦੀ ਢੋਆ-ਢੁਆਈ ਨਾਲ ਸਬੰਧਿਤ ਟੈਂਡਰ ਦੇ ਘੁਟਾਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਨਾਂ ਨੂੰ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਬਿਓਰੋ ਨੇ ਪਹਿਲਾਂ ਹੀ ਆਈਪੀਸੀ ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਮਿਤੀ 16 .8.2022 ਨੂੰ ਐਫਆਈਆਰ ਨੰਬਰ 11 ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਹੋਇਆ ਹੈ, ਜਿਸ ਵਿੱਚ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ ਅਤੇ ਸੰਦੀਪ ਭਾਟੀਆ ਤੋਂ ਇਲਾਵਾ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਗੀਦਾਰਾਂ ‘ਦੇ ਨਾਮ ਸ਼ਾਮਿਲ ਹਨ। ਉਨਾਂ ਦੱਸਿਆ ਕਿ ਮੁਲਜ਼ਮ ਤੇਲੂ ਰਾਮ ਨੂੰ ਵਿਜੀਲੈਂਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਵੇਲੇ ਪੁਲਿਸ ਰਿਮਾਂਡ ’ਤੇ ਹੈ। ਵਿਜੀਲੈਂਸ ਦੀ ਜਾਂਚ ਦੌਰਾਨ, ਮੁਲਜ਼ਮ ਤੇਲੂ ਰਾਮ ਨੇ ਦੱਸਿਆ ਹੈ ਕਿ ਉਹ ਸੀਜ਼ਨ 2020-21 ਲਈ ਟੈਂਡਰ ਪ੍ਰਾਪਤ ਕਰਨ ਲਈ ਭਾਰਤ ਭੂਸ਼ਣ ਆਸ਼ੂ ਨੂੰ ਉਨਾਂ ਦੇ ਪੀ.ਏ ਮੀਨੂੰ ਮਲਹੋਤਰਾ ਰਾਹੀਂ ਮਿਲਿਆ ਸੀ, ਜਿਸ ਨੇ ਉਸਨੂੰ ਰਾਕੇਸ਼ ਕੁਮਾਰ ਸਿੰਗਲਾ, ਡਿਪਟੀ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈਜ਼ ਨੂੰ ਮਿਲਣ ਲਈ ਕਿਹਾ ਸੀ। ਸਿੰਗਲਾ ਟੈਂਡਰਾਂ ਲਈ ਵਿਭਾਗੀ ਮੁੱਖ ਵਿਜੀਲੈਂਸ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਸਾਰੇ ਪੰਜਾਬ ਦੇ ਇੰਚਾਰਜ ਸਨ ਅਤੇ ਸਾਬਕਾ ਮੰਤਰੀ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰ ਰਹੇ ਸਨ। ਮੁਲਜ਼ਮ ਤੇਲੂ ਰਾਮ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਜਦੋਂ ਉਹ ਆਰ .ਕੇ. ਸਿੰਗਲਾ ਨੂੰ ਮਿਲਿਆ ਤਾਂ ਉਸ ਨੇ ਸਾਬਕਾ ਮੰਤਰੀ ਦੀ ਤਰਫੋਂ 30 ਲੱਖ ਰੁਪਏ ਦੀ ਮੰਗ ਕੀਤੀ ਅਤੇ ਵੱਖ-ਵੱਖ ਦਿਨਾਂ ਵਿੱਚ ਉਸ ਨੇ ਆਰ.ਕੇ. ਸਿੰਗਲਾ ਨੂੰ 20 ਲੱਖ ਰੁਪਏ, ਪੀ.ਏ. ਮੀਨੂ ਮਲਹੋਤਰਾ ਨੂੰ 6 ਲੱਖ ਰੁਪਏ ਅਤੇ ਹੋਰ ਅਧਿਕਾਰੀਆਂ ਨੂੰ ਵੀ ਪੈਸੇ ਦਿੱਤੇ। ਬੁਲਾਰੇ ਨੇ ਅੱਗੇ ਦੱਸਿਆ ਕਿ ਉਪਰੋਕਤ ਖੁਲਾਸਿਆਂ ਦੇ ਨਾਲ-ਨਾਲ ਸਬੂਤਾਂ ਦੇ ਆਧਾਰ ‘ਤੇ ਉਕਤ ਵਿਅਕਤੀਆਂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇਸ ਮਾਮਲੇ ‘ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਤੇਲੂ ਰਾਮ ਨੇ ਪਿਛਲੇ ਸਮੇਂ ਦੌਰਾਨ ਕਰੀਬ 20 ਏਕੜ ਜਮੀਨ ਖਰੀਦੀ ਹੈ ਅਤੇ ਮੁਲਜ਼ਮ ਮੀਨੂੰ ਮਲਹੋਤਰਾ ਨੇ ਵੀ ਕਈ ਜਾਇਦਾਦਾਂ ਬਣਾਈਆਂ ਹਨ ਅਤੇ ਇਸ ਸਬੰਧੀ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮੁਲਜ਼ਮ ਰਾਕੇਸ਼ ਕੁਮਾਰ ਸਿੰਗਲਾ ਦੀ ਤਾਇਨਾਤੀ ਸਬੰਧੀ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਉਸ ਵੱਲੋਂ ਬਣਾਈਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਘੁਟਾਲੇ ਨੂੰ ਅੰਜਾਮ ਦੇਣ ਦੇ ਤਰੀਕੇ ਸਬੰਧੀ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਟੈਂਡਰ ਕਲੱਸਟਰ ਅਨੁਸਾਰ ਮੰਗੇ ਗਏ ਸਨ ਜਿਸ ਵਿੱਚ ਮੰਡੀਆਂ ਦੇ ‘ਏ’ ਗਰੁੱਪ ਅਤੇ ਸਾਰੀਆਂ ਖਰੀਦ ਏਜੰਸੀਆਂ ਦਾ ਕੰਮ ਕਲੱਸਟਰ ਅਨੁਸਾਰ ਅਲਾਟ ਕੀਤਾ ਗਿਆ ਸੀ ਅਤੇ ਖਾਸ ਖੇਤਰ ਵਿੱਚ ਮੋਹਰੀ ਮੰਡੀਆਂ ਦਾ ਨਾਮ ਕਲੱਸਟਰ ਦੇ ਨਾਮ ਵਜੋਂ ਵਰਤਿਆ ਗਿਆ ਸੀ। ਲੁਧਿਆਣਾ ਜ਼ਿਲੇ ਵਿੱਚ, ਤੇਲੂ ਰਾਮ ਦੇ 4 ਕਲੱਸਟਰ ਸਨ ਜਿਸ ਵਿੱਚ ਜੋਧਾਂ, ਮੁੱਲਾਂਪੁਰ, ਰਾਏਕੋਟ ਅਤੇ ਪਾਇਲ ਜਿਸ ਵਿੱਚ 34 ਅਨਾਜ ਮੰਡੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਤੇਲੂ ਰਾਮ ਕੋਲ ਫਿਰੋਜ਼ਪੁਰ ਵਿੱਚ ਤਲਵੰਡੀ ਭਾਈ ਅਤੇ ਰੋਪੜ ਵਿੱਚ ਵੀ ਇੱਕ ਕਲੱਸਟਰ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੁਲਜ਼ਮ ਤੇਲੂ ਰਾਮ ਨੇ ਉਕਤ ਕੰਮ ਲਈ ਕਰੀਬ 25 ਕਰੋੜ ਰੁਪਏ ਦੀ ਰਕਮ ਹਾਸਿਲ ਕੀਤੀ ਸੀ। ਟੈਂਡਰ ਪ੍ਰਾਪਤ ਕਰਨ ਲਈ ਮੁਲਜ਼ਮਾਂ ਵੱਲੋਂ ਜਮਾਂ ਕਰਵਾਈਆਂ ਗਈਆਂ ਗੱਡੀਆਂ ਦੀਆਂ ਸੂਚੀਆਂ ਵਿੱਚ ਕਾਰਾਂ, ਸਕੂਟਰਾਂ, ਮੋਟਰ ਸਾਈਕਲਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਸਨ ਜਦਕਿ ਉਨਾਂ ਢੋਆ-ਢੁਆਈ ਵਾਲੇ ਵਾਹਨਾਂ ਦੀਆਂ ਸੂਚੀਆਂ ਦੀ ਪੜਤਾਲ ਕਰਨੀ ਬਣਦੀ ਸੀ। ਉਨਾਂ ਕਿਹਾ ਕਿ ਗੇਟ ਪਾਸਾਂ ਵਿੱਚ ਵੀ ਸਕੂਟਰਾਂ, ਕਾਰਾਂ ਆਦਿ ਦੇ ਨੰਬਰ ਲਿਖੇ ਹੋਏ ਸਨ ਪਰ ਉਕਤ ਅਧਿਕਾਰੀਆਂ ਨੇ ਇਨਾਂ ਗੇਟ ਪਾਸਾਂ ਵਿੱਚ ਦਰਜ ਸਮੱਗਰੀ ਦੇ ਸਬੰਧ ਵਿੱਚ ਮੁਲਜ਼ਮ ਠੇਕੇਦਾਰਾਂ ਨੂੰ ਅਦਾਇਗੀਆਂ ਕਰ ਦਿੱਤੀਆਂ, ਜਿਸ ਨਾਲ ਅਨਾਜ ਦੇ ਗਬਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਹ ਵੀ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਟੁੱਟੀ ਹੋਈ ਸੜਕ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ -PTC News