ਹੁਸ਼ਿਆਰਪੁਰ : ਸੂਬੇ ਤੇ ਕੇਂਦਰ ਵਿਚ ਹਾਕਮ ਬਦਲੇ ਪਰ ਹੁਸ਼ਿਆਰਪੁਰ ਵਿਚ ਸਥਿਤ ਇਸ ਪਿੰਡ ਦੇ ਨਸੀਬ ਨਾ ਬਦਲੇ। ਵੱਡੇ-ਵੱਡੇ ਮੰਚਾਂ ਉਤੋਂ ਸਿਆਸਤਦਾਨਾਂ ਦੇ ਭਾਸ਼ਣਾਂ ਵਿਚ ਵਿਕਾਸ ਦੀ ਚਮਕ ਅੱਜ ਤੱਕ ਵੀ ਇਸ ਪਿੰਡ ਤੱਕ ਨਹੀਂ ਪੁੱਜੀ। ਆਜ਼ਾਦੀ ਦੇ ਕਰੀਬ 75 ਸਾਲ ਬਾਅਦ ਵੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਇਲਾਕਾ ਦੇਸ਼ ਤੇ ਸੂਬੇ ਨਾਲੋਂ ਕੱਟਿਆ ਹੋਵੇ। ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਕੰਢੀ ਦੇ ਇਲਾਕੇ ਵਿਚ ਵੱਸਦਾ ਪਿੰਡ ਕੋਟ ਇਕਲੌਤਾ ਅਜਿਹਾ ਪਿੰਡ ਹੈ ਜਿਥੇ ਅੱਜ ਤੱਕ ਕੋਈ ਸਰਕਾਰੀ ਤੇ ਨਿੱਜੀ ਬੱਸ ਨਹੀਂ ਜਾਂਦੀ ਹੈ। ਇਸ ਤੋਂ ਇਲਾਵਾ ਇਸ ਪਿੰਡ ਨੂੰ ਅਜੇ ਤੱਕ ਕੋਈ ਸੜਕ ਵੀ ਨਸੀਬ ਨਹੀਂ ਹੋਈ। ਪਿੰਡ ਵਾਸੀਆਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਸਨਤਾਲੀ ਵਿਚ ਆਜ਼ਾਦੀ ਮਿਲੀ ਆਧੁਨਿਕ ਸਹੂਲਤਾਂ ਤਾਂ ਛੱਡੋ ਬੁਨਿਆਦੀ ਸਹੂਲਤਾਂ ਤੱਕ ਨਸੀਬ ਨਹੀਂ ਹੋਈਆਂ। ਪਿੰਡ ਵਿਚੋਂ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਪਿੰਡ ਤੋਂ ਚਾਰ ਕਿਲੋਮੀਟਰ ਦੂਰ ਪੈਂਦੇ ਪਿੰਡ ਪਟਿਆਲ ਜਾਣ ਲਈ ਰੇਤੇ ਦੀਆਂ ਵੱਡੀਆਂ-ਵੱਡੀਆਂ ਖੱਡਾਂ ਵਿਚੋਂ ਮੌਸਮ ਦੀ ਮਾਰ ਤੇ ਜੰਗਲੀ ਜਾਨਵਰਾਂ ਦੇ ਖੌਫ਼ ਵਿਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ। ਪਿੰਡ ਵਿਚ ਮਰੀਜ਼ਾਂ ਤੇ ਗਭਰਵਤੀ ਔਰਤਾਂ ਨੂੰ ਇੱਕੀਵੀਂ ਸਦੀ ਵਿਚ ਵੀ ਇਲਾਜ ਲਈ ਇਸ ਪਿੰਡ ਜਾਂ ਆਸਪਾਸ ਵਿਚ ਕੋਈ ਵੀ ਸਹਲੂਤ ਨਹੀਂ ਹੈ। ਆਲਮ ਇਹ ਹੈ ਕਿ ਨਵੀਂ ਪੀੜ੍ਹੀ ਹੁਣ ਘਰਾਂ ਨੂੰ ਜਿੰਦਰੇ-ਕੁੰਡੇ ਮਾਰ ਕੇ ਜਾਂ ਬਜ਼ੁਰਗਾਂ ਨੂੰ ਪਿੰਡ ਵਿਚ ਛੱਡ ਕੇ ਚੰਗੇ ਭਵਿੱਖ ਤੇ ਰੁਜ਼ਗਾਰ ਦੀ ਭਾਲ ਵਿਚ ਸ਼ਹਿਰਾਂ ਨੂੰ ਹਿਜਰਤ ਕਰ ਰਹੇ ਹਨ। ਇਹ ਵੀ ਪੜ੍ਹੋ : ਹਾਈ ਕੋਰਟ ਵੱਲੋਂ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਦਾਖ਼ਲ ਕੀਤੀ ਪਟੀਸ਼ਨ ਖ਼ਾਰਿਜ ਲੋਕਾਂ ਨੇ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਵੋਟਾਂ ਮੰਗਣ ਆਏ ਸਨ ਤੇ ਵੋਟਾਂ ਮਗਰੋਂ ਉਹ ਕੋਟ ਪਿਡ ਵਿਚ ਵੋਟਰਾਂ ਦਾ ਧੰਨਵਾਦ ਕਰਨ ਵੀ ਜ਼ਰੂਰ ਆਏ ਪਰ ਉਨ੍ਹਾਂ ਦੀ ਖ਼ੁਦ ਦੀ ਗੱਡੀ ਵੀ ਰੇਤ ਵਿਚ ਫਸ ਗਈ ਸੀ ਜੋ ਕਿ ਪਿੰਡ ਵਾਸੀਆਂ ਨੇ ਟਰੈਕਟਰ ਮੰਗਵਾ ਕੇ ਕੱਢੀ ਪਰ ਇਸ ਦੇ ਬਾਵਜੂਦ ਵੀ ਸਿਆਸਤਦਾਨਾਂ ਦੇ ਕੰਨ ਉਤੇ ਜੂੰ ਤੱਕ ਨਹੀਂ ਸਰਕ ਰਹੀ। ਸਰਕਾਰਾਂ ਤੋਂ ਅਣਗੌਲੇ ਪਿੰਡ ਵਾਸੀਆਂ ਨੂੰ ਹੁਣ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ। -PTC News