ਬਲਾਕ ਪੱਧਰੀ ਟੂਰਨਾਮੈਂਟ ਦੇ ਉਤਸ਼ਾਹ ਨੇ ਪੰਜਾਬ ਦੀ ਖੇਡਾਂ ਵਿੱਚ ਮੁੜ ਸਰਦਾਰੀ ਦੀ ਆਸ ਜਗਾਈ: ਮੀਤ ਹੇਅਰ

By  Jasmeet Singh September 2nd 2022 06:00 PM

ਭਾਗੋਮਾਜਰਾ (ਖਰੜ), 2 ਸਤੰਬਰ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਸੂਬੇ ਵਿੱਚ ਖੇਡ ਮੁੜ ਮਾਹੌਲ ਸਿਰਜਿਆ ਜਾਣ ਲੱਗਾ ਹੈ। ਇਹ ਗੱਲ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਫਿਜ਼ੀਕਲ ਐਜੂਕੇਸ਼ਨ ਕਾਲਜ ਭਾਗੋਮਾਜਰਾ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਦੇ ਬਲਾਕ ਖਰੜ ਦੇ ਕਰਵਾਏ ਜਾ ਰਹੇ ਮੁਕਾਬਲਿਆਂ ਵਿੱਚ ਸ਼ਿਰਕਤ ਕਰਦਿਆਂ ਦੌਰਾਨ ਕਹੀ। ਭਾਗੋਮਾਜਰਾ ਵਿਖੇ ਅਥਲੈਟਿਕਸ, ਫੁੱਟਬਾਲ, ਵਾਲੀਬਾਲ, ਖੋ-ਖੋ, ਕਬੱਡੀ ਤੇ ਰੱਸਾਕਸ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ 2000 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ।ਪੰਜਾਬ ਦੇ ਸਾਰੇ ਬਲਾਕਾਂ ਵਿੱਚ ਇਹੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੀਤ ਹੇਅਰ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਮਕਸਦ ਹੀ ਹਰ ਖੇਡ ਵਿੱਚ ਹੇਠਲੇ ਪੱਧਰ ਤੋਂ ਖਿਡਾਰੀਆਂ ਦੀ ਸ਼ਨਾਖ਼ਤ ਕਰਕੇ ਫੇਰ ਅੱਗੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਹੈ। ਅੰਡਰ 14 ਤੋਂ 50 ਸਾਲ ਤੋਂ ਵੱਧ ਉਮਰ ਕੁੱਲ ਛੇ ਉਮਰ ਗਰੁੱਪਾਂ ਵਿੱਚ 28 ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਪਹਿਲੀ ਤੋਂ 7 ਸਤੰਬਰ ਤੱਕ ਛੇ ਖੇਡਾਂ ਦੇ ਮੁਕਾਬਲੇ ਚੱਲ ਰਹੇ ਜਿਨ੍ਹਾਂ ਦੇ ਜੇਤੂ ਅਗਾਂਹ ਜ਼ਿਲਾ ਪੱਧਰ ਉੱਤੇ ਖੇਡਣਗੇ। ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਖੇਡ ਵਿਭਾਗ ਨੇ ਬਾਕੀ 22 ਖੇਡਾਂ ਵਿੱਚ ਜ਼ਿਲਾ ਤੇ ਸੂਬਾ ਪੱਧਰੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ 8 ਸਤੰਬਰ ਤੱਕ ਵਧਾ ਦਿੱਤੀ ਗਈ ਹੈ। 22 ਖੇਡਾਂ ਵਿੱਚ ਜ਼ਿਲਾ ਪੱਧਰ ਦੇ ਮੁਕਾਬਲੇ 12 ਤੋਂ 22 ਸਤੰਬਰ ਅਤੇ 28 ਖੇਡਾਂ ਵਿੱਚ ਸੂਬਾ ਪੱਧਰ ਦੇ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ, ਐਸ.ਡੀ.ਐਮ. ਖਰੜ ਰਵਿੰਦਰ ਕੁਮਾਰ, ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਤੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਫਿਜ਼ੀਕਲ ਐਜੂਕੇਸ਼ਨ ਕਾਲਜ ਭਾਗੋਮਾਜਰਾ ਦੇ ਪ੍ਰਿੰਸੀਪਲ ਦਲਬਾਰਾ ਸਿੰਘ ਧਾਲੀਵਾਲ ਵੀ ਹਾਜ਼ਰ ਸਨ। -PTC News

Related Post