ਵਰਦੀ ਦੇ ਰੌਬ 'ਚ ਅੰਨ੍ਹੇ ਹੌਲਦਾਰ ਵੱਲੋਂ ਸਰੇ ਬਾਜ਼ਾਰ ਬਜ਼ੁਰਗ ਨਾਲ ਕੁੱਟਮਾਰ, ਵੀਡੀਓ ਹੋਈ ਵਾਇਰਲ
ਸਰਬਜੀਤ ਰੌਲੀ, (ਮੋਗਾ, 11 ਜੁਲਾਈ): ਪੁਲਿਸ ਦੀ ਵਰਦੀ ਦਾ ਰੌਬ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ, ਇਹੋ ਜਿਹਾ ਹੀ ਇੱਕ ਤਾਜ਼ਾ ਮਾਮਲਾ ਪੰਜਾਬ ਦੇ ਮੋਗਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਪੁਲਿਸ ਹੌਲਦਾਰ ਆਪਣੀ ਗੱਡੀ ਵਿਚ ਸਵਾਰ ਹੋ ਕੇ ਮੋਗਾ ਦੇ ਮੇਨ ਬਾਜ਼ਾਰ ਵਿੱਚੋਂ ਜਾ ਰਿਹਾ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ
ਗੱਡੀ ਦੇ ਪਿੱਛੇ ਹੀ ਇੱਕ ਬਜ਼ੁਰਗ ਇਲੈਕਟ੍ਰਿਕ ਰਿਕਸ਼ਾ ਚਲਾ ਰਿਹਾ ਸੀ ਜੋ ਕਿ ਗੱਡੀ ਨਾਲ ਟਕਰਾ ਗਿਆ ਅਤੇ ਜਿਸ ਕਰ ਕੇ ਗੱਡੀ ਨੌਂ. PB 29 V 2609 ਦੀ ਪਿਛਲੀ ਲਾਈਟ ਟੁੱਟ ਗਈ, ਉੱਥੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਪੁਲਿਸ ਮੁਲਾਜ਼ਮ ਆਪਣਾ ਆਪਾ ਖੋਹ ਬੈਠਿਆ ਤੇ ਉਸ ਨੇ ਸਰੇ ਬਾਜ਼ਾਰ ਹੀ ਬਜ਼ੁਰਗ ਇਲੈਕਟ੍ਰਿਕ ਰਿਕਸ਼ਾ ਚਾਲਕ ਦੇ ਥੱਪੜ ਜੜ ਦਿੱਤੇ ਜਿਸ ਕਾਰਨ ਉਹ ਆਪਣਾ ਸੰਤੁਲਨ ਖੋਹ ਬੈਠਿਆ 'ਤੇ ਬੇਹੋਸ਼ ਹੋ ਗਿਆ।
ਬਜ਼ੁਰਗ ਦੀ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ ਜਿਸ ਵਿਚ ਲੋਕ ਪੁਲਿਸ ਮੁਲਾਜ਼ਮ ਇੰਦਰਵੀਰ ਸਿੰਘ ਨੂੰ ਝਾੜਦੇ ਵਿਖਾਈ ਦੇ ਰਹੇ ਹਨ। ਕੈਮਰਿਆਂ ਨੂੰ ਵੇਖ ਪੁਲਿਸ ਮੁਲਾਜ਼ਮ ਨੂੰ ਵੀ ਆਪਣੀ ਕਰਨੀ ਦਾ ਇਹਸਾਸ ਹੁੰਦਾ ਤੇ ਉਹ ਖ਼ੁਦ ਬਜ਼ੁਰਗ ਨੂੰ ਚੁੱਕ ਹਸਪਤਾਲ ਲੈ ਕੇ ਜਾਂਦਾ।
ਪੀੜਤ ਬਜ਼ੁਰਗ ਤੋਂ ਪੁੱਛਗਿੱਛ ਵੇਲੇ ਉਸ ਨੇ ਦੱਸਿਆ ਕਿ ਹਾਲਾਂਕਿ ਉਸ ਨੇ ਸਮੇਂ ਸਿਰ ਇਲੈਕਟ੍ਰਿਕ ਰਿਕਸ਼ਾ ਦੀ ਬਰੇਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਸ ਦਾ ਵਾਹਨ ਗੱਡੀ 'ਚ ਜਾ ਵੱਜਿਆ ਅਤੇ ਪੁਲਿਸ ਹੌਲਦਾਰ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। ਬਜ਼ੁਰਗ ਨੇ ਦੱਸਿਆ ਕਿ ਇੱਕ ਦੋ ਚਪੇੜਾਂ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਤੇ ਉਸ ਤੋਂ ਬਾਅਦ ਉਹ ਕਿਵੇਂ ਹਸਪਤਾਲ ਪਹੁੰਚਿਆ ਇਸ ਵਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।
ਦੱਸਣਯੋਗ ਹੈ ਕਿ ਬਾਅਦ ਵਿਚ ਮੋਗਾ ਸਿਵਲ ਹਸਪਤਾਲ 'ਚ ਵੀ ਮੌਜੂਦ ਲੋਕਾਂ ਵੱਲੋਂ ਰੱਜ ਕੇ ਪੁਲਿਸ ਮੁਲਾਜ਼ਮ ਦਾ ਵਿਰੋਧ ਕੀਤਾ ਗਿਆ ਜਿੱਥੇ ਕਥਿਤ ਦੋਸ਼ੀ ਇੰਦਰਵੀਰ ਸਿੰਘ ਆਪਣਾ ਬਚਾਅ ਕਰਦਾ ਨਜ਼ਰ ਆਇਆ। ਇਸ ਬਾਬਤ ਮੀਡੀਆ ਕਰਮੀਂ ਵੱਲੋਂ ਮਾਮਲੇ ਦੀ ਪੁੱਛ-ਪੜਤਾਲ ਵੇਲੇ ਵੀ ਪੁਲਿਸ ਕਰਮੀਂ ਆਪਣੀ ਕਰਨੀ ਤੋਂ ਮੁੱਕਰ ਗਿਆ ਸਗੋਂ ਉਸ ਵੱਲੋਂ ਬਜ਼ੁਰਗ ਦੇ ਸਮਰਥਕਾਂ ਅਤੇ ਮੀਡੀਆ ਕਰਮੀਂ ਨਾਲ ਵੀ ਬਦਸਲੂਕੀ ਕੀਤੀ ਗਈ ਅਤੇ ਹੱਥੋਂ ਫ਼ੋਨ ਖੋਹਣ ਦੀ ਵੀ ਕੋਸ਼ਿਸ਼ ਕੀਤੀ।