ਚੰਡੀਗੜ੍ਹ : ਨਿੱਜੀ ਸਕੂਲਾਂ ਖਿਲਾਫ਼ ਪੰਜਾਬ ਸਰਕਾਰ ਨੇ ਸਖ਼ਤ ਹੁਕਮ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸਾਰੇ ਨਿੱਜੀ ਸਕੂਲਾਂ ਨੂੰ ਸਾਰੀ ਦੁਕਾਨਾਂ ਉਤੇ ਕਿਤਾਬਾਂ ਤੇ ਵਰਦੀਆਂ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸਨ ਤਾਂ ਜੋ ਮਾਪੇ ਕਿਸੇ ਵੀ ਦੁਕਾਨ ਤੋਂ ਖ਼ਰੀਦਦਾਰੀ ਕਰ ਸਕਣ।
ਇਸ ਦੇ ਬਾਵਜੂਦ ਕਈ ਨਿੱਜੀ ਸਕੂਲ ਸਰਕਾਰ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ, ਜਿਸ ਕਰਕੇ ਉਨ੍ਹਾਂ ਨੂੰ ਵਿਸਥਾਰ ਨਾਲ ਹਦਾਇਤਾਂ ਦਿੱਤੀਆਂ ਗਈਆਂ ਹਨ। ਦੁਕਾਨਾਂ ਦੀ ਲਿਸਟ ਸਕੂਲਾਂ 'ਚ ਲੱਗੀ ਹੋਣੀ ਚਾਹੀਦੀ ਹੈ। ਸਕੂਲ ਅਗਲੇ ਦੋ ਸਾਲਾਂ ਤੱਕ ਵਰਦੀ ਨਾ ਬਦਲਣ। ਜੇ ਸਕੂਲ ਵਰਦੀ ਬਦਲਦਾ ਹੈ ਤਾਂ ਇੱਕ ਵਿਦਿਆਰਥੀ ਨੂੰ ਵਰਦੀ ਖਰੀਦਣ ਲਈ ਦੋ ਸਾਲ ਦਿੱਤੇ ਜਾਣ। ਜੇ ਫੇਰ ਵੀ ਵਿਦਿਆਰਥੀ ਵਰਦੀ ਨਹੀਂ ਖ਼ਰੀਦ ਸਕਦਾ ਤਾਂ ਉਹ ਪੁਰਾਣੀ ਵਰਦੀ ਦੇ ਨਾਲ ਹੀ ਸਕੂਲ ਆਵੇਗਾ।
ਅਫ਼ਸਰਾਂ ਨਾਲ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਨੇ ਫ਼ੈਸਲਾ ਲਿਆ ਹੈ। ਨਿੱਜੀ ਸਕੂਲਾਂ ਨੂੰ ਮਨਮਾਨੇ ਢੰਗ ਨਾਲ ਫੀਸ ਨਾ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਨਿੱਜੀ ਸਕੂਲਾਂ ਨੂੰ ਦੁਕਾਨਾਂ ਦੀ ਲਿਸਟ ਲਗਾਉਣੀ ਪਵੇਗੀ। ਇਹ ਲਿਸਟ ਡੀਈਓ ਕੋਲ ਜਮ੍ਹਾਂ ਕਰਵਾਉਣੀ ਹੋਏਗੀ, ਹੁਕਮਾਂ ਨੂੰ ਯਕੀਨੀ ਬਣਾਉਣ ਲਈ ਡੀਈਓ ਸਕੂਲਾਂ ਲਈ ਇੰਸਪੈਕਸ਼ਨ ਟੀਮ ਵੀ ਬਣਾਉਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਉਤੇ ਹੋਵੇਗੀ ਕਾਰਵਾਈ। ਨਿੱਜੀ ਸਕੂਲਾਂ ਖਿਲਾਫ਼ ਸ਼ਿਕਾਇਤਾਂ ਲਈ ਜ਼ਿਲ੍ਹਾ ਕਮੇਟੀਆਂ ਰੀਐਕਟਿਵ ਹੋਣਗੀਆਂ।
ਜਿਨ੍ਹਾਂ ਨੂੰ ਡੀਸੀਜ਼ ਹੈੱਡ ਕਰਨਗੇ। ਨਿੱਜੀ ਸਕੂਲਾਂ ਖਿਲਾਫ਼ ਸ਼ਿਕਾਇਤਾਂ ਨੂੰ ਖੁਦ ਸਿੱਖਿਆ ਮੰਤਰੀ ਗੁਰਮੀਤ ਮੀਤ ਹੇਅਰ ਮੌਨੀਟਰਿੰਗ ਕਰਨਗੇ। ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਪ੍ਰਕਾਰ ਦੀ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਨਮ ਦਿਨ ਦਾ ਕੇਕ ਕੱਟਣ ਨੂੰ ਲੈ ਕੇ ਹੋਇਆ ਝਗੜਾ ,ਚੱਲੀਆਂ ਗੋਲ਼ੀਆਂ