ਸੰਸਦ ਇਜਲਾਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਡੱਟ ਕੇ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ

By  Jasmeet Singh July 20th 2022 09:37 PM

ਚੰਡੀਗੜ੍ਹ, 20 ਜੁਲਾਈ: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਹਿਲਾਂ ਸੰਸਦ ਦੇ ਬਾਹਰ ਅਤੇ ਬਾਅਦ ਵਿਚ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਵਾਰ ਫਿਰ ਕੇਂਦਰ ਸਰਕਾਰ ਅੱਗੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਮੁੱਖ ਅਕਾਲੀ ਆਗੂ ਨੇ ਕਿਹਾ ਕਿ ਉਹ ਗੁਰੂ ਸਾਹਿਬ ਦਾ ਆਸ਼ੀਰਵਾਦ ਅਤੇ ਜਿੱਤ ਪ੍ਰਾਪਤ ਹੋਣ ਤੱਕ ਇੱਕ ਨਿਮਾਣੇ ਸਿੱਖ ਵਜੋਂ ਆਪਣਾ ਫਰਜ਼ ਨਿਭਾਉਂਦੀ ਰਹੇਗੀ। ਉਨ੍ਹਾਂ ਟਵੀਟ ਕਰ ਇਹ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ "ਪਹਿਲਾਂ ਪਾਰਲੀਮੈਂਟ ਦੇ ਬਾਹਰ ਤੇ ਬਾਅਦ 'ਚ ਅੰਦਰ ਵੀ, ਇੱਕ ਵਾਰ ਫ਼ੇਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਅੱਗੇ ਆਪਣੇ ਪੰਥ ਦੇ ਹੱਕ ਦੀ ਅਵਾਜ਼ ਬੁਲੰਦ ਕੀਤੀ। ਗੁਰੂ ਸਾਹਿਬ ਬਲ ਬਖ਼ਸ਼ਣ ਅਤੇ ਜਦੋਂ ਤੱਕ ਫ਼ਤਿਹ ਨਹੀਂ ਮਿਲਦੀ, ਇੱਕ ਨਿਮਾਣੀ ਸਿੱਖ ਵਜੋਂ ਆਪਣਾ ਫ਼ਰਜ਼ ਨਿਭਾਉਂਦੀ ਰਹਾਂਗੀ।" ਇਸਤੋਂ ਪਹਿਲਾਂ ਕੱਲ੍ਹ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਪੰਜਾਬ ਦੇ ਸਾਰੇ ਮੁੱਦੇ ਵਿਸਾਰ ਦਿੱਤੇ ਹਨ ਤੇ ਉਹ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬੰਧੂਆ ਮਜ਼ਦੂਰਾਂ ਵਜੋਂ ਵਿਹਾਰ ਕਰ ਰਹੇ ਹਨ ਤੇ ਸੰਸਦ ਵਿਚ ਰੋਸ ਮੁਜ਼ਾਹਰੇ ਕਰ ਕੇ ਉਹਨਾਂ ਦੇ ਬੌਸ ਨੂੰ ਸਿੰਘਾਪੁਰ ਜਾ ਕੇ ਦਿੱਲੀ ਮਾਡਲ ਦੀ ਪੇਸ਼ਕਾਰੀ ਲਈ ਪ੍ਰਵਾਨਗੀ ਦੇਣ ਵਿਚ ਦੇਰੀ ਨੂੰ ਉਜਾਗਰ ਰਹੇ ਹਨ। ਬਠਿੰਡਾ ਦੇ ਸਾਂਸਦ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਸੀ ਕਿ ਪੰਜਾਬ ਦੇ 'ਆਪ' ਦੇ ਸੰਸਦ ਮੈਂਬਰ ਫੇਲ੍ਹ ਦਿੱਲੀ ਮਾਡਲ ਨਾਲ ਇਕਜੁੱਟਤਾ ਪ੍ਰਗਟ ਕਰ ਰਹੇ ਹਨ ਪਰ ਚੰਡੀਗੜ੍ਹ ਵਿਚ ਹਰਿਆਣਾ ਨੁੰ ਵੱਖਰੀ ਥਾਂ ਦੇ ਕੇ ਕੇਂਦਰ ਸ਼ਾਸਤ ਪ੍ਰਦੇਸ਼ ’ਤੇ ਪੰਜਾਬ ਦੇ ਹੱਕਾਂ ਨਾਲ ਕੀਤੇ ਸਮਝੌਤੇ ਦੇ ਖਿਲਾਫ ਰੋਸ ਮੁਜ਼ਾਹਰੇ ਨਹੀਂ ਕਰ ਰਹੇ। ਇਸੇ ਤਰੀਕੇ 'ਆਪ' ਦੇ ਸੰਸਦ ਮੈਂਬਰਾਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਰਾਹੀਂ ਪੰਜਾਬ ਦੇ ਪਾਣੀਆਂ ’ਤੇ ਹਰਿਆਣਾ ਵੱਲੋਂ ਡਾਕਾ ਮਾਰਨ ’ਤੇ ਵੀ ਚੁੱਪ ਵੱਟੀ ਹੋਈ ਹੈ ਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਬਦਲਣ ਖਿਲਾਫ ਵੀ ਰੋਸ ਮੁਜ਼ਾਹਰਾ ਨਹੀਂ ਕੀਤਾ। 'ਆਪ' ਦੇ ਸੰਸਦ ਮੈਂਬਰਾਂ ਦੇ ਵਤੀਰੇ ਨੂੰ ਬੰਧੂਆਂ ਮਜ਼ਦੂਰਾਂ ਵਾਲਾ ਕਰਾਰ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 'ਆਪ' ਦੀ ਪੰਜਾਬ ਇਕਾਈ ਅਤੇ ਇਸਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹਿੱਤ ਹਾਈ ਕਮਾਂਡ ਨੂੰ ਵੇਚ ਦਿੱਤੇ ਹਨ ਅਤੇ ਪਾਰਟੀ ਦੇ ਐਮ.ਪੀ ਵੀ ਇਸੇ ਲੀਹ ’ਤੇ ਚੱਲ ਰਹੇ ਹਨ। -PTC News

Related Post