ਬਠਿੰਡਾ 'ਚ ਬਣਨ ਵਾਲਾ ਡਰੱਗ ਪਾਰਕ ਹੋਇਆ ਰੱਦ

By  Jasmeet Singh September 28th 2022 04:37 PM -- Updated: September 28th 2022 05:00 PM

ਬਠਿੰਡਾ, 28 ਸਤੰਬਰ: ਪਿਛਲੀ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਵਾਲੀ ਖਾਲੀ ਜਗ੍ਹਾ ਉੱਪਰ ਡਰੱਗ ਪਾਰਕ ਬਣਾਉਣ ਦਾ ਐਲਾਨ ਕੀਤੀ ਗਿਆ ਸੀ ਪਰੰਤੂ ਸਰਕਾਰ ਦੇ ਆਖਰੀ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਇੱਥੇ ਡਰੱਗ ਪਾਰਕ ਨਹੀਂ ਆ ਸਕਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਹੁਣ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਨੇ ਹੁਣ ਇਸ ਜ਼ਮੀਨ ਦੀ ਵਰਤੋਂ ਮਕਾਨਾਂ, ਆਧੁਨਿਕ ਰਿਹਾਇਸ਼ੀ ਕੰਪਲੈਕਸਾਂ, ਹੋਟਲਾਂ, ਵਪਾਰਕ ਪ੍ਰਾਜੈਕਟਾਂ ਅਤੇ ਪਲਾਸਟਿਕ ਪਾਰਕਾਂ, ਸੂਰਜੀ ਊਰਜਾ ਅਤੇ ਹੋਰ ਨਾਗਰਿਕ ਸੇਵਾ ਪ੍ਰਾਜੈਕਟਾਂ ਲਈ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਬਠਿੰਡਾ ਦੇ ਥਰਮਲ ਪਲਾਂਟ ਦੀ ਜਗ੍ਹਾ 'ਤੇ ਬਲਕ ਡਰੱਗ ਪਾਰਕ ਬਣਾਉਣ ਦਾ ਫੈਸਲਾ ਕੀਤਾ ਸੀ। ਇੱਥੇ ਡਰੱਗ ਪਾਰਕ ਇਸ ਲਈ ਨਹੀਂ ਆ ਸਕਿਆ ਕਿਉਂਕਿ ਇਹ ਡਰੱਗ ਪਾਰਕ ਪ੍ਰੋਜੈਕਟ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਪਾਰਕ ਪ੍ਰੋਜੈਕਟ ਰੱਦ ਕਰਨਾ ਪਿਆ। ਦੱਸਣਾ ਬਣਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਇਹ ਕਰੀਬ 1200 ਏਕੜ ਜ਼ਮੀਨ ਉਪਰ ਡਰੱਗ ਪਾਰਕ ਬਣਨਾ ਸੀ ਪਰੰਤੂ 650 ਏਕੜ ਦੇ ਕਰੀਬ ਜਗ੍ਹਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਥਰਮਲ ਦੀ ਰਾਖ ਸੁੱਟੀ ਜਾ ਰਹੀ ਹੈ, ਜੋ ਕਰੀਬ 20 ਫੁੱਟ ਉੱਚੀ ਪਹੁੰਚ ਗਈ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅਸੀਂ ਇਸ ਜਗ੍ਹਾ ਉੱਪਰ ਦੀ ਤਜਵੀਜ਼ ਬਣਾ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ, ਜੋ ਮਾਹਿਰਾਂ ਦੀ ਟੀਮਾਂ ਪਤਾ ਲਗਾ ਸੱਕਣ ਕਿ ਇਸ ਜਗ੍ਹਾ 'ਤੇ ਹੁਣ ਇੰਡਸਟਰੀ ਲੱਗ ਸਕਦੀ ਹੈ ਜਾਂ ਇਸ ਨੂੰ ਹਾਊਸਿੰਗ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਚੈੱਕ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਜਗ੍ਹਾ ਉੱਪਰ ਕੀ ਬਣ ਸਕਦਾ ਹੈ। ਡੀਸੀ ਦਾ ਕਹਿਣਾ ਕਿ ਸਰਕਾਰ ਇਸ ਨੂੰ ਇੰਡਸਟ੍ਰੀਅਲ ਪਾਰਕ ਵਜੋਂ ਸਥਾਪਤ ਕਰਨਾ ਚਾਹੁੰਦੀ ਹੈ। -PTC News

Related Post