ਕਪੂਰਥਲਾ : ਕਪੂਰਥਲਾ ਵਿੱਚ ਇਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਵਿਧਵਾ ਔਰਤ ਦੀ ਦ੍ਰਿਸ਼ਟੀਹੀਣ ਤੇ ਦਿਵਿਆਂਗ ਬੇਟੀ ਦੇ ਨਾਲ ਉਸ ਦੇ ਸਕੇ ਚਾਚੇ ਵੱਲੋਂ ਜਬਰ ਜਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਗੁਆਂਢ ਵਿੱਚ ਰਹਿਣ ਵਾਲੇ ਚਾਚੇ ਨੇ ਭਤੀਜੀ ਨੂੰ ਘਰ ਇਕੱਲੀ ਦੇਖ ਕੇ ਘਟਨਾ ਨੂੰ ਅੰਜਾਮ ਦੇ ਦਿੱਤਾ। ਪੀੜਤਾ ਦੀ ਮਾਂ ਦੀ ਸ਼ਿਕਾਇਤ ਉਤੇ ਥਾਣਾ ਫੱਤੂਢੀਂਗਾ ਦੀ ਪੁਲਿਸ ਨੇ ਜਬਰ ਜਨਾਹ ਦਾ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਕਪੂਰਥਲਾ ਵਾਸੀ ਇਕ ਮਹਿਲਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਤੀ ਦੀ ਲਗਭਗ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਮੇ ਪੰਜ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਮਜ਼ਦੂਰੀ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਉਸ ਦੀ 21 ਸਾਲਾ ਬੇਟੀ ਬਚਪਨ ਤੋਂ ਦਿਵਿਆਂਗ ਤੇ ਦ੍ਰਿਸ਼ਟੀਹੀਣ ਹੈ। ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਸੱਤ ਅਪ੍ਰੈਲ ਨੂੰ ਉਹ ਸਵੇਰੇ 7.30 ਵਜੇ ਪਿੰਡ ਦੇ ਜ਼ਿਮੀਂਦਾਰ ਦੇ ਘਰ ਕੰਮ ਕਰਨ ਲਈ ਗਈ ਸੀ। ਉਸ ਦੀ ਲੜਕੀ ਘਰ ਵਿੱਚ ਇਕੱਲੀ ਸੀ। ਲਗਭਗ 11.30 ਵਜੇ ਜਦ ਉਹ ਘਰ ਵਾਪਸ ਆਈ ਤਾਂ ਉਸ ਦੀ ਲੜਕੀ ਸਹਿਮੀ ਹੋਈ ਬੈਠੀ ਸੀ। ਪੁੱਛਣ ਉਤੇ ਉਸ ਨੇ ਦੱਸਿਆ ਕਿ ਗੁਆਂਢ ਵਿੱਚ ਰਹਿਣ ਵਾਲੇ ਚਾਚਾ ਆਏ ਸਨ ਤੇ ਉਨ੍ਹਾਂ ਨੇ ਉਸ ਦੇ ਨਾਲ ਧੱਕੇਸ਼ਾਹੀ ਕੀਤੀ। ਪੀੜਤਾ ਦੀ ਮਾਂ ਨੇ ਇਸ ਮਾਮਲੇ ਵਿੱਚ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਥਾਣਾ ਫੱਤੂਢੀਂਗਾ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਮਾਤਾ ਦੀ ਸ਼ਿਕਾਇਤ ਉਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਹ ਵੀ ਪੜ੍ਹੋ : ਪਤਨੀ ਨੇ ਬੱਚਾ ਪੈਦਾ ਕਰਨ ਲਈ ਪਤੀ ਦੀ ਮੰਗੀ ਪੈਰੋਲ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ