ਡਿੰਪਲ ਖ਼ੁਦਕੁਸ਼ੀ ਮਾਮਲਾ : 'ਆਪ' ਆਗੂ ਅਨੂ ਮਹਿਤਾ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
ਪਟਿਆਲਾ : ਰਾਜਪੁਰਾ ਦੀ ਪੀਰ ਕਾਲੋਨੀ ਨਿਵਾਸੀ 19 ਸਾਲਾ ਡਿੰਪਲ ਮੁਖੀਜਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਆਗੂ ਅਨੂੰ ਮਹਿਤਾ ਨੇ ਅੱਜ 3 ਮਹੀਨੇ ਬਾਅਦ ਰਾਜਪੁਰਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਆਲਾ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਨੇ ਡਿੰਪਲ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਲਈ ਜ਼ਿੰਮੇਵਾਰ ਔਰਤ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਜਪੁਰਾ ਦੇ ਕੋਲੋਂ ਲੰਘਦੀ ਭਾਖੜਾ-ਨਰਵਾਣਾ ਬ੍ਰਾਂਚ ਨਹਿਰ ਵਿੱਚ 15 ਅਪ੍ਰੈਲ ਮਹੀਨੇ ਵਿੱਚ ਇਕ ਨੌਜਵਾਨ ਨੇ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। ਲਾਈਵ ਵੀਡੀਓ ਵਿੱਚ ਮ੍ਰਿਤਕ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਉਸ ਦੇ ਹੀ ਮੁਹੱਲੇ ਵਿੱਚ ਰਹਿਣ ਵਾਲੀ ਇਕ ਔਰਤ ਨੂੰ ਠਹਿਰਾਇਆ ਸੀ। ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਥਾਣਾ ਸਿਟੀ ਪੁਲਿਸ ਕੋਲ ਲਵਕੇਸ਼ ਕੁਮਾਰ ਵਾਸੀ ਪੀਰ ਕਾਲੋਨੀ ਪਿੰਡ ਨੀਲਪੁਰ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ 19 ਸਾਲਾ ਭਰਾ ਡਿੰਪਲ ਨੂੰ ਨੇੜੇ ਰਹਿੰਦੀ ਔਰਤ ਧਮਕੀਆਂ ਦੇਣ ਲੱਗ ਪਈ ਕਿ ਉਹ ਇਸ ਉਤੇ ਜਬਰ ਜਨਾਹ ਦਾ ਕੇਸ ਪੁਆ ਕੇ ਜੇਲ੍ਹ ਕਰਵਾ ਦੇਵੇਗੀ ਤੇ ਹੋਰ ਧਮਕੀਆਂ ਵੀ ਦਿੱਤੀਆਂ ਸਨ। ਡਿੰਪਲ ਨੇ ਆਪਣੇ ਮੋਬਾਈਲ ਫੋਨ ਉਤੇ ਸਟੇਟਸ ਪਾਇਆ ਸੀ ਕਿ ਉਹ ਉਕਤ ਔਰਤ ਤੋਂ ਤੰਗ ਹੋ ਕੇ ਨਹਿਰ ਵਿੱਚ ਛਾਲ ਮਾਰ ਰਿਹਾ ਹੈ। ਇਸ ਤੋਂ ਬਾਅਦ ਇਹ ਆਪਣੇ ਦੋਸਤ ਅਨਿਲ ਵਾਸੀ ਪਟੇਲ ਕਾਲੋਨੀ ਰਾਜਪੁਰਾ ਨੂੰ ਨਾਲ ਲੈ ਕੇ ਗੰਡਿਆ ਖੇੜੀ ਨਹਿਰ ਕੋਲ ਗਿਆ ਤਾਂ ਦੇਖਿਆ ਕਿ ਡਿੰਪਲ ਦਾ ਮੋਬਾਈਲ ਤੇ ਮੋਟਰਸਾਈਕਲ ਨਹਿਰ ਦੇ ਕੰਢੇ ਉਤੇ ਪਏ ਸਨ। ਜਦ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚੋਂ ਡਿੰਪਲ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਈ ਸੀ। ਇਸ ਉਤੇ ਥਾਣਾ ਸਿਟੀ ਪੁਲਿਸ ਨੇ ਉਕਤ ਮ੍ਰਿਤਕ ਦੇ ਭਰਾ ਲਵਕੇਸ਼ ਦੇ ਬਿਆਨਾਂ ਦੇ ਆਧਾਰ ਉਤੇ ਉਕਤ ਔਰਤ ਅਨੂ ਮਹਿਤਾ ਵਾਸੀ ਪੀਰ ਕਾਲੋਨੀ ਖਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਰਿਪੋਰਟ : ਗਗਨਦੀਪ ਆਹੂਜਾ ਪਟਿਆਲਾ ਇਹ ਵੀ ਪੜ੍ਹੋ : ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਲੋਕਾਂ ਨਾਲ ਕੀਤੀ ਠੱਗੀ, ਲੋਕ ਪਰੇਸ਼ਾਨ