ਪੇਰੋਲ ਖ਼ਤਮ ਹੋਣ ਮਗਰੋਂ ਜੇਲ੍ਹ ਵਾਪਿਸ ਪਹੁੰਚਿਆ ਡੇਰਾ ਮੁਖੀ; ਲਾਈਵ ਹੋ ਕੇ ਬਲੱਡ ਗਰੁੱਪ ਬਦਲੇ ਜਾਣ ਦਾ ਕੀਤਾ ਖ਼ੁਲਾਸਾ
ਪੰਚਕੂਲਾ, 18 ਜੁਲਾਈ: ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਦੀ 30 ਦਿਨ ਦੀ ਪੈਰੋਲ ਮਿਆਦ 17 ਜੁਲਾਈ ਨੂੰ ਖਤਮ ਹੋ ਗਈ, ਜਿਸਤੋਂ ਬਾਅਦ ਉਸਨੂੰ ਸੋਮਵਾਰ ਸ਼ਾਮ 5 ਵਜੇ ਸੁਨਾਰੀਆ ਜੇਲ੍ਹ ਵਾਪਸ ਭੇਜ ਦਿੱਤਾ ਗਿਆ।
ਆਪਣੀ ਪੈਰੋਲ ਦੇ ਸਮੇਂ ਦਰਮਿਆਨ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿੱਚ ਰਿਹਾ ਅਤੇ ਐਤਵਾਰ ਨੂੰ 5 ਸਾਲ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਹਨੀਪ੍ਰੀਤ ਨਾਲ ਇੱਕਠੇ ਵਿਖਾਈ ਦਿੱਤਾ। ਡੇਰਾ ਮੁਖੀ ਰਾਤ 11 ਵਜੇ ਆਪਣੀ ਮੁੰਹ ਬੋਲੀ ਬੇਟੀ ਹਨੀਪ੍ਰੀਤ ਦੇ ਨਾਲ ਇੰਸਟਾਗ੍ਰਾਮ 'ਤੇ ਲਾਈਵ ਹੋਇਆ।
ਹਾਲਾਂਕਿ 30 ਦਿਨਾਂ ਦੀ ਮਿਆਦ ਵਿੱਚ ਰਾਮ ਰਹੀਮ ਆਪਣੇ ਪਰਿਵਾਰ ਖਾਸਕਰ ਬੇਟੇ, ਬੇਟੀਆਂ ਦੇ ਨਾਲ ਜਨਤਕ ਤੌਰ 'ਤੇ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਰਾਮ ਰਹੀਮ ਨੇ ਇਸ ਬਾਰੇ ਕੋਈ ਜਿਕਰ ਕੀਤਾ।
ਲਾਈਵ ਪ੍ਰੋਗਰਾਮ 'ਚ ਰਾਮ ਰਹੀਮ ਨੇ ਦਾਅਵਾ ਕੀਤਾ ਕਿ ਉਸ ਦਾ ਬਲੱਡ ਗਰੁੱਪ ਪਹਿਲਾਂ O ve ਸੀ। ਪਰ ਜਦੋਂ ਸ਼ਾਹ ਸਤਨਾਮ ਜੋਤਿ ਜੋਤ ਸਮਾਏ ਸਨ ਤਾਂ ਉਸਨੇ ਉਨਾਂ ਨੂੰ ਛੱਡ ਕੇ ਨਾ ਜਾਣ ਦੀ ਬੇਨਤੀ ਕੀਤੀ ਸੀ। ਜਿਸਤੇ ਉਨ੍ਹਾਂ ਕਿਹਾ ਸੀ ਕਿ ਮੈਂ ਤੇਰੇ ਵਿੱਚ ਹੀ ਹਾਂ, ਉਨ੍ਹਾਂ ਕਿਹਾ ਕਿ ਅਸੀਂ ਇੱਥੇ ਹਾਂ ਅਤੇ ਇੱਥੇ ਹੀ ਰਹਾਂਗੇ।
ਡੇਰਾ ਮੁਖੀ ਮੁਤਾਬਕ ਇਸ ਤੋਂ ਬਾਅਦ ਉਸ ਦਾ ਬਲੱਡ ਗਰੁੱਪ O -ve ਹੋ ਗਿਆ। ਰਾਮ ਰਹੀਮ ਮੁਤਾਬਕ ਉਸ ਦਾ ਬਲੱਡ ਗਰੁੱਪ ਪੁਰਾਣੇ ਡਰਾਈਵਿੰਗ ਲਾਇਸੈਂਸ 'ਤੇ O ve ਰਜਿਸਟਰਡ ਸੀ। ਹਾਲਾਂਕਿ ਰਾਮ ਰਹੀਮ ਆਪਣੇ ਦਾਅਵੇ ਦਾ ਕੋਈ ਮੈਡੀਕਲ ਸਬੂਤ ਪੇਸ਼ ਨਹੀਂ ਕਰ ਸਕਿਆ।