ਦੇਸ਼ ਦੇ ਕਈ ਹਿੱਸਿਆਂ 'ਚ ਨਮਾਜ਼ ਤੋਂ ਬਾਅਦ ਪ੍ਰਦਰਸ਼ਨ, ਪੁਲਿਸ 'ਤੇ ਪਥਰਾਅ ਸਮੇਤ ਸੜਕ ਜਾਮ
ਪੈਗੰਬਰ ਵਿਵਾਦ: ਮੁਅੱਤਲ ਭਾਜਪਾ ਨੇਤਾ ਨੂਪੁਰ ਸ਼ਰਮਾ ਅਤੇ ਕੱਢੇ ਗਏ ਨੇਤਾ ਨਵੀਨ ਜਿੰਦਲ ਦੀਆਂ ਭੜਕਾਊ ਟਿੱਪਣੀਆਂ ਦੇ ਖਿਲਾਫ ਸ਼ੁੱਕਰਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਕੀਤੇ ਗਏ। ਦਿੱਲੀ ਦੀ ਜਾਮਾ ਮਸਜਿਦ ਕੰਪਲੈਕਸ 'ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਨਮਾਜ਼ ਅਦਾ ਕਰਨ ਤੋਂ ਬਾਅਦ ਲੋਕਾਂ ਨੇ ਨੁਪੁਰ ਸ਼ਰਮਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨੁਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਭਾਈਚਾਰੇ ਦਾ ਕਹਿਣਾ ਹੈ ਕਿ ਭੜਕਾਊ ਬਿਆਨ ਦੇਣ ਵਾਲੇ ਇਨ੍ਹਾਂ ਦੋਵਾਂ ਆਗੂਆਂ ਨੂੰ ਪੁਲੀਸ ਤੁਰੰਤ ਗ੍ਰਿਫ਼ਤਾਰ ਕਰੇ।
ਇਹ ਵੀ ਪੜ੍ਹੋ: ਵਿਦੇਸ਼ ਭੇਜਣ ਦੇ ਨਾਂਅ 'ਤੇ 5.50 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ
ਇਸ ਸਬੰਧ ਵਿਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਦੇ ਬਿਆਨਾਂ ਦੇ ਵਿਰੋਧ ਵਿਚ ਲੋਕਾਂ ਨੇ ਜਾਮਾ ਮਸਜਿਦ ਪਰਿਸਰ ਵਿਚ ਪ੍ਰਦਰਸ਼ਨ ਕੀਤਾ। ਅਸੀਂ ਲੋਕਾਂ ਨੂੰ ਉਥੋਂ ਹਟਾ ਦਿੱਤਾ ਹੈ। ਸਥਿਤੀ ਹੁਣ ਕਾਬੂ ਹੇਠ ਹੈ। ਨਿਊਜ਼ ਏਜੰਸੀ ਏਐਨਆਈ ਨੇ ਵਿਰੋਧ ਪ੍ਰਦਰਸ਼ਨ ਦੀ ਵੀਡੀਓ ਵੀ ਜਾਰੀ ਕੀਤੀ ਹੈ। ਵੀਡੀਓ 'ਚ ਲੋਕਾਂ ਨੂੰ ਨਾਅਰੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਯੂਪੀ ਦੇ ਕਈ ਸ਼ਹਿਰਾਂ 'ਚ ਨਮਾਜ਼ ਤੋਂ ਬਾਅਦ ਨੂਪੁਰ ਸ਼ਰਮਾ ਖਿਲਾਫ ਪ੍ਰਦਰਸ਼ਨ ਹੋਏ ਹਨ। ਦੇਵਬੰਦ 'ਚ ਨਮਾਜ਼ ਤੋਂ ਬਾਅਦ ਲੋਕਾਂ ਨੇ ਹੰਗਾਮਾ ਕੀਤਾ ਅਤੇ ਨੁਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਲਖਨਊ ਅਤੇ ਪ੍ਰਯਾਗਰਾਜ ਵਿੱਚ ਵੀ ਪ੍ਰਦਰਸ਼ਨ ਹੋਏ ਹਨ। ਨਾਰਾਜ਼ ਲੋਕਾਂ ਨੇ ਮੁਰਾਦਾਬਾਦ ਅਤੇ ਸਹਾਰਨਪੁਰ ਵਿੱਚ ਵੀ ਪ੍ਰਦਰਸ਼ਨ ਕੀਤਾ। ਪ੍ਰਯਾਗਰਾਜ 'ਚ ਲੋਕਾਂ ਨੇ ਪੁਲਿਸ 'ਤੇ ਪਥਰਾਅ ਵੀ ਕੀਤਾ।
ਪੱਛਮੀ ਬੰਗਾਲ 'ਚ ਕਈ ਥਾਵਾਂ 'ਤੇ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਹਨ। ਹਾਬੜਾ ਅਤੇ ਕੋਲਕਾਤਾ 'ਚ ਨਮਾਜ਼ ਤੋਂ ਬਾਅਦ ਲੋਕਾਂ ਨੇ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੇ ਹੰਗਾਮਾ ਵੀ ਕੀਤਾ। ਹਾਵੜਾ ਵਿੱਚ ਲੋਕਾਂ ਨੇ ਸੜਕਾਂ ਜਾਮ ਕਰ ਦਿੱਤੀਆਂ।