ਰਾਮਾਮੰਡੀ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ, ਅਣਪਛਾਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮਾਮਲਾ ਦਰਜ

By  Ravinder Singh July 15th 2022 12:59 PM -- Updated: July 16th 2022 05:01 PM

ਬਠਿੰਡਾ :ਬਠਿੰਡਾ ਦੇ ਸਬ-ਡਿਵੀਜ਼ਨ ਤਲਵੰਡੀ ਸਾਬੋ ਦੀ ਰਾਮਾਮੰਡੀ 'ਚ ਬਣੇ ਜਨਤਕ ਪਾਰਕ ਵਿੱਚ ਰਾਤ ਸਮੇਂ ਸ਼ਰਾਰਤੀ ਅਨਸਰਾਂ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਮੰਡੀ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬਠਿੰਡਾ ਵਿੱਚ ਬੀਤੀ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਰਾਮਾ ਮੰਡੀ ਦੇ ਇੱਕ ਪਬਲਿਕ ਪਾਰਕ ਵਿੱਚ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਜਿਸ ਦੇ ਚਲਦੇ ਅੱਜ ਅਣਪਛਾਤੇ ਸ਼ਰਾਰਤੀ ਅਨਸਰਾਂ ਤੇ ਧਾਰਾ 379, 427 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 



ਜਾਣਕਾਰੀ ਅਨੁਸਾਰ ਬਠਿੰਡਾ 'ਚ ਬੀਤੀ ਰਾਤ ਸ਼ਰਾਰਤੀ ਅਨਸਰਾਂ ਨੇ ਸਥਾਨਕ ਨਗਰ ਕੌਂਸਲ ਤੇ ਮਾਰਕੀਟ ਕਮੇਟੀ ਦਫ਼ਤਰਾਂ 'ਚ ਬਣੇ ਜਨਤਕ ਪਾਰਕ ਜਿਸ ਨੂੰ ਗਾਂਧੀ ਪਾਰਕ ਨਾਲ ਵੀ ਜਾਣਿਆ ਜਾਂਦਾ ਹੈ, 'ਚ ਲੱਗੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕਰ ਕੇ ਉਸ ਦਾ ਸਿਰ ਵਾਲਾ ਹਿੱਸਾ ਨਾਲ ਲੈ ਗਏ।

ਰਾਮਾਮੰਡੀ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ, ਲੋਕਾਂ 'ਚ ਭਾਰੀ ਰੋਸ

ਬੁੱਤ ਦੀ ਭੰਨਤੋੜ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪਾਰਕ 'ਚ ਸੈਂਕੜੇ ਲੋਕ ਇਕੱਠੇ ਹੋ ਗਏ ਤੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਥਾਣਾ ਸਦਰ ਦੇ ਮੁਖੀ ਹਰਜੋਤ ਸਿੰਘ ਮਾਨ ਪੁਲਿਸ ਪਾਰਟੀ ਸਮੇਤ ਪਾਰਕ 'ਚ ਪਹੁੰਚੇ। ਪੁਲਿਸ ਨੇ ਇਸ ਸਬੰਧੀ ਲੋਕਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਆਰੰਭ ਕਰ ਦਿੱਤੀ ਹੈ। ਇਸ ਦੌਰਾਨ ਲੋਕਾਂ ਨੇ ਥਾਣਾ ਸਦਰ ਨੂੰ ਦੱਸਿਆ ਕਿ ਪਾਰਕ ਨੂੰ ਸੰਭਾਲਣ ਲਈ ਕੋਈ ਮਾਲੀ ਨਾ ਹੋਣ ਕਾਰਨ ਪਾਰਕ ਦੀਆਂ ਲਾਈਟਾਂ ਖ਼ਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਜਦਕਿ ਲੋਕਾਂ ਨੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਾਲੀ ਰੱਖਣ ਤੇ ਲਾਈਟਾਂ ਠੀਕ ਕਰਵਾਉਣ ਦੀ ਬੇਨਤੀ ਕੀਤੀ ਹੈ।

ਰਾਮਾਮੰਡੀ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ, ਲੋਕਾਂ 'ਚ ਭਾਰੀ ਰੋਸ

ਇਸ ਮਾਮਲੇ ਸਬੰਧੀ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਸ਼ੋਕ ਕੁਮਾਰ ਸਿੰਗਲਾ ਨੇ ਕਿਹਾ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਅਪਰਾਧਿਕ ਮਾਮਲਿਆਂ 'ਚ ਵਾਧਾ ਹੋਇਆ ਹੈ, ਉੱਥੇ ਹੀ ਸ਼ਰਾਰਤੀ ਅਨਸਰਾਂ 'ਚ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਕੋਈ ਡਰ ਨਹੀਂ ਰਿਹਾ ਜਿਸ ਕਾਰਨ ਸ਼ਹਿਰ ਵਿੱਚ ਨਿੱਤ ਦਿਨ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦਾ ਭਰੋਸਾ ਦਿੱਤਾ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ। ਪੁਲਿਸ ਵੱਲੋਂ ਦੋਸ਼ੀਆਂ ਦੀ ਸ਼ਨਾਖਤ ਲਈ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।



ਇਹ ਵੀ ਪੜ੍ਹੋ : ਅਦਾਲਤ ਨੇ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਨੂੰ 8 ਦਿਨ ਦੇ ਰਿਮਾਂਡ 'ਤੇ ਭੇਜਿਆ

Related Post