ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਾਰਮੋਨੀਅਮ ਨੂੰ ਹਟਾਉਣ ਦੀ ਮੰਗ ਉੱਠੀ, ਤੰਤੀ ਸਾਜ਼ਾਂ ਨੂੰ ਤਰਜੀਹ ਦੇਣ 'ਤੇ ਦਿੱਤਾ ਜ਼ੋਰ

By  Ravinder Singh May 25th 2022 03:09 PM -- Updated: May 25th 2022 03:33 PM

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਰਮੋਨੀਅਮ ਹਟਾਉਣ ਦੀ ਮੰਗ ਕਾਫੀ ਸਮੇਂ ਤੋਂ ਉਠ ਰਹੀ ਹੈ। ਹੁਣ ਇਹ ਮੰਗ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਠੀ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੁਣ ਪੁਰਾਣੇ ਤੰਤੀ ਸਾਜ਼ਾਂ ਨਾਲ ਕੀਰਤਨ ਹੋਵੇਗਾ। ਆਉਣ ਵਾਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ 'ਚ ਹਾਰਮੋਨੀਅਮ ਦੀ ਵਰਤੋਂ ਹੌਲੀ-ਹੌਲੀ ਬੰਦ ਹੋ ਜਾਵੇਗੀ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸਮੂਹ ਗੁਰਦੁਆਰਾ ਸਾਹਿਬਾਨ ਵਿੱਚ ਤੰਤੀ ਸਾਜਾਂ ਨਾਲ ਕੀਰਤਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਇਸ ਆਦੇਸ਼ ਨੂੰ ਅਮਲੀਜਾਮਾ ਪਹਿਨਾਉਣ ਲਈ 3 ਸਾਲ ਦਾ ਸਮਾਂ ਦਿੱਤਾ ਗਿਆ ਹੈ। ਇਸ ਸਬੰਧ ਵਿੱਚ 3 ਮਈ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਗਿਆ ਸੀ। ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਧਰਮ ਪ੍ਰਚਾਰ ਕਮੇਟੀ ਨੂੰ ਸਿੱਖ ਮਿਸ਼ਨਰੀ ਕਾਲਜਾਂ ਵਿੱਚ ਤੰਤੀ ਸਾਜਾਂ ਨਾਲ ਕੀਰਤਨ ਦੀ ਸਿਖਲਾਈ ਦੇ ਆਦੇਸ਼ ਦੇ ਦਿੱਤੇ ਗਏ ਹਨ ਤਾਂ ਜੋ ਜਥੇਦਾਰ ਸ੍ਰੀ ਅਕਾਲ ਤਖਤ ਦੇ ਆਦੇਸ਼ ਅਨੁਸਾਰ 3 ਸਾਲਾਂ ਦੇ ਅੰਦਰ-ਅੰਦਰ ਸਮੂਹ ਗੁਰਦੁਆਰਾ ਸਾਹਿਬਾਨ ਵਿੱਚ ਤੰਤੀ ਸਾਜਾਂ ਨਾਲ ਕੀਰਤਨ ਆਰੰਭ ਕੀਤਾ ਜਾ ਸਕੇ। ਐਸਜੀਪੀਸੀ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਾਣੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹਾਰਮੋਨੀਅਮ ਨੂੰ ਹਟਾਉਣ ਦੀ ਮੰਗ ਉਠੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੂੰ ਤਿੰਨ ਸਾਲਾਂ ਦੇ ਅੰਦਰ ਹਰਿਮੰਦਰ ਸਾਹਿਬ ਵਿੱਚੋਂ ਹਾਰਮੋਨੀਅਮ ਹਟਾਉਣ ਲਈ ਕਿਹਾ ਹੈ। ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਰਵਾਇਤੀ ਸਾਜ਼ਾਂ ਨਾਲ ਕੀਰਤਨ ਜਾਂ ਗੁਰਬਾਣੀ ਦਾ ਗਾਇਨ ਕੀਤਾ ਜਾ ਸਕੇ। ਐਸਜੀਪੀਸੀ ਨੇ ਤੰਤੀ ਸਾਜ਼ ਸਿੱਖਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਗੁਰਮਤਿ ਸੰਗੀਤ ਦੇ ਵਿਦਵਾਨਾਂ ਦੇ ਇੱਕ ਸਮੂਹ, ਇੱਕ ਸਿੱਖ ਪਰੰਪਰਾ ਜੋ ਭਾਰਤੀ ਸ਼ਾਸਤਰੀ ਸੰਗੀਤ ਨਾਲ ਮਿਲਦੀ ਜੁਲਦੀ ਹੈ, ਨੇ ਇਸ ਕਦਮ ਦੀ ਹਮਾਇਤ ਕਰਦੇ ਹੋਏ ਕਿਹਾ ਹੈ ਕਿ ਹਾਰਮੋਨੀਅਮ ਅੰਗਰੇਜ਼ਾਂ ਦੁਆਰਾ ਪੇਸ਼ ਕੀਤਾ ਗਿਆ ਸੀ। ਦਰਅਸਲ ਹਰਮੋਨੀਅਮ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਪਰੰਪਰਾ ਦਾ ਹਿੱਸਾ ਰਿਹਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹਾਰਮੋਨੀਅਮ ਨੂੰ ਹਟਾਉਣ ਦੀ ਮੰਗ ਉਠੀਜ਼ਿਕਰਯੋਗ ਹੈ ਕਿ ਸੱਚਖੱਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਬੇ ਸਮੇਂ ਤੋਂ ਆਉਣ ਵਾਲੇ ਰਾਗੀ ਜੱਥੇ ਹਰਮੋਨੀਅਮ ਰਾਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਹਰ ਰੋਜ਼ 15 ਰਾਗੀ ਜਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ 20 ਘੰਟੇ ਮੁੱਖ ਤੌਰ ਉਤੇ 31 ਰਾਗਾਂ ਵਿਚੋਂ ਇਕ ਰਾਗ ਵਿਚ ਪੇਸ਼ ਕਰਨ ਲਈ ਤਾਇਨਾਤ ਹੁੰਦੇ ਹਨ, ਜੋ ਦਿਨ ਦੇ ਸਮੇਂ ਅਤੇ ਮੌਸਮ ਦੇ ਅਧਾਰ 'ਤੇ ਚੁਣੇ ਜਾਂਦੇ ਹਨ। ਐੱਸਜੀਪੀਸੀ ਅਧਿਕਾਰੀਆਂ ਅਨੁਸਾਰ ਇਨ੍ਹਾਂ ਰਾਗੀ ਜੱਥਿਆਂ ਵਿੱਚੋਂ ਸਿਰਫ਼ ਪੰਜ ਗਰੁੱਪਾਂ ਕੋਲ ਹੀ ਰਬਾਬ ਅਤੇ ਸਰੰਦਾ ਵਰਗੇ ਤਾਰਾਂ ਵਾਲੇ ਸਾਜ਼ ਹਨ ਅਤੇ ਇਨ੍ਹਾਂ ਕੋਲੋਂ ਹੀ ਹਰਮੋਨੀਅਮ ਤੋਂ ਬਿਨਾਂ ਪ੍ਰਦਰਸ਼ਨ ਕਰਨ ਦਾ ਤਜਰਬਾ ਤੇ ਹੁਨਰ ਹੈ। ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਕਾਲਜਾਂ ਵਿੱਚ ਗੁਰਮਤਿ ਸੰਗੀਤ ਦੇ 20 ਤੋਂ ਵੱਧ ਵਿਭਾਗਾਂ 'ਚੋਂ ਬਹੁਤਿਆਂ ਨੇ ਹਾਲ ਹੀ ਵਿੱਚ ਤੰਤੀ ਸਾਜ਼ਾਂ ਦੀ ਸਿਖਲਾਈ ਸ਼ੁਰੂ ਕੀਤੀ ਹੈ। ਹੁਣ ਹਰਮੋਨੀਅਮ ਦੀ ਥਾਂ ਰਾਗੀ ਜੱਥੇ ਪੁਰਾਣੇ ਤਾਰਾਂ ਵਾਲੇ ਯੰਤਰਾਂ ਦੀ ਵਰਤੋਂ ਕਰ ਕੇ ਉਸ ਨਾਲ ਕੀਰਤਨ ਕਰਨਗੇ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹਾਰਮੋਨੀਅਮ ਨੂੰ ਹਟਾਉਣ ਦੀ ਮੰਗ ਉਠੀਗੁਰੂ ਨਾਨਕ ਦੇਵ ਜੀ ਦੇ ਸ਼ਗਿਰਦ ਭਾਈ ਸਾਧਰਨ ਜੀ ਦੇ ਵੰਸ਼ਜ ਅਤੇ ਪ੍ਰਸਿੱਧ ਗੁਰਮਤਿ ਸੰਗੀਤ ਵਿਆਖਿਆਕਾਰ ਭਾਈ ਬਲਦੀਪ ਸਿੰਘ ਜੀ ਦਾ ਕਹਿਣਾ ਹੈ ਕਿ ਹਾਰਮੋਨੀਅਮ ਸਿੱਖ ਮਾਮਲਿਆਂ ਵਿੱਚ ਬ੍ਰਿਟਿਸ਼ ਦਖਲ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੂੰ ਸਾਡੀ ਵਿਰਾਸਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 3 ਮਈ 2022 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਇਕ ਗੁਰਮਤਾ ਕਰਕੇ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਗਿਆ ਹੈ, ਜਿਸ ਵਿਚ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 3 ਸਾਲ ਦੇ ਸਮੇਂ ਅੰਦਰ ਕੀਰਤਨ ਦੌਰਾਨ ਤੰਤੀ ਸਾਜ਼ ਲਾਗੂ ਕਰਨ ਦਾ ਆਦੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਰਾਗੀ ਜਥਿਆਂ ਨੂੰ ਵੀ ਤੰਤੀ ਸਾਜ਼ਾਂ ਦਾ ਅਭਿਆਸ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਨਵੇਂ ਰਾਗੀ ਜਥੇ ਤਿਆਰ ਕਰਨ ਸਮੇਂ ਗੁਰਮਤਿ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਸੰਗੀਤ ਵਿਦਿਆਲਿਆਂ ਵਿਚ ਤੰਤੀ ਸਾਜ਼ਾਂ ਦੇ ਅਧਿਆਪਕਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਕੋਲ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਕੁਝ ਜਥੇ ਪਹਿਲਾਂ ਹੀ ਮੌਜੂਦ ਹਨ ਅਤੇ ਭਵਿੱਖ ਵਿਚ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤੰਤੀ ਸਾਜ਼ ਵਾਦਕ ਰਾਗੀ ਜਥਿਆਂ ਨਾਲ ਸੇਵਾ ਨਿਭਾਉਂਦੇ ਆ ਰਹੇ ਹਨ, ਪਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਸੰਜੀਦਗੀ ਨਾਲ ਲੈਂਦਿਆਂ ਭਵਿੱਖ ਵਿਚ ਤੰਤੀ ਸਾਜ਼ਾਂ ਨੂੰ ਕੀਰਤਨ ਸਮੇਂ ਤਰਜੀਹੀ ਤੌਰ ’ਤੇ ਲਾਗੂ ਕਰਨ ਲਈ ਕਿਹਾ ਹੈ। ਇਹ ਵੀ ਪੜ੍ਹੋ : ਸਿੱਖਸ ਫਾਰ ਜਸਟਿਸ ਸੰਸਥਾ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ

Related Post