ਸਿੱਖ ਅਜਾਇਬ ਘਰ ਬਲੌਂਗੀ ਨੂੰ ਜ਼ਮੀਨ ਅਲਾਟ ਕਰਨ ਦੀ ਮੰਗ , ਕੈਬਨਿਟ ਮੰਤਰੀ ਨੇ ਦਿੱਤਾ ਭਰੋਸਾ
ਮੁਹਾਲੀ : ਸਿੱਖ ਅਜਾਇਬ ਘਰ (ਬਲੌਂਗੀ), ਮੁਹਾਲੀ ਦੇ ਮੁੱਖ ਸੇਵਾਦਾਰ ਤੇ ਬੁੱਤਸਾਜ਼ ਪਰਵਿੰਦਰ ਸਿੰਘ ਨੇ ਅਜਾਇਬ ਘਰ ਦੀ ਜ਼ਮੀਨ ਸਬੰਧੀ ਚੱਲ ਰਹੇ ਵਿਵਾਦ ਨੂੰ ਲੈ ਕੇ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪਰਵਿੰਦਰ ਸਿੰਘ ਨੇ ਮੰਤਰੀ ਅਮਨ ਅਰੋੜਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਅਜਾਇਬ ਘਰ ਦੀ ਮੌਜੂਦਾ ਜ਼ਮੀਨ ਨੂੰ ਸਿੱਖ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਦੇ ਨਾਮ ਕੀਤਾ ਜਾਵੇ ਤਾਂ ਜੋ ਸਿੱਖ ਅਜਾਇਬ ਘਰ ਦੀ ਮੌਜੂਦਾ ਜ਼ਮੀਨ 'ਤੇ 7 ਮੰਜ਼ਿਲਾ ਇਮਾਰਤ ਦੀ ਸੇਵਾ ਸ਼ੁਰੂ ਕਰਵਾਈ ਜਾ ਸਕੇ। ਉਕਤ ਪੰਚਾਇਤੀ ਜ਼ਮੀਨ ਅਜਾਇਬ ਘਰ ਨੂੰ ਅਲਾਟ ਕੀਤੀ ਜਾਵੇ ਤਾਂ ਕਿ ਇਥੇ ਜਲਦ ਤੋਂ ਜਲਦ ਸੇਵਾ ਦਾ ਕੰਮ ਸ਼ੁਰੂ ਕੀਤਾ ਜਾ ਸਕੇ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਸਿੱਖ ਅਜਾਇਬ ਘਰ ਵੱਲੋਂ ਮੁੱਖ ਮੰਤਰੀ ਆਫਿਸ ਵਿਚ ਇਕ ਅਰਜ਼ੀ ਦਿੱਤੀ ਗਈ ਸੀ। ਇਸ ਤੋਂ ਬਾਅਦ ਬੁੱਤਸਾਜ਼ ਪਰਵਿੰਦਰ ਸਿੰਘ ਨੂੰ ਮੁਲਾਕਾਤ ਲਈ ਬੁਲਾਇਆ ਗਿਆ ਸੀ। ਪਰਵਿੰਦਰ ਸਿੰਘ ਨੇ ਕੈਬਨਿਟ ਮੰਤਰੀ ਨੂੰ ਸਿੱਖ ਅਜਾਇਬ ਘਰ ਵਿੱਚ ਆ ਕੇ ਸਿੰਘ ਸ਼ਹੀਦਾਂ ਦੇ ਦਰਸ਼ਨ ਕਰਨ ਦੀ ਅਪੀਲ ਵੀ ਕੀਤੀ। ਮੁੱਖ ਸੇਵਾਦਾਰ ਮੁਤਾਬਕ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਜੁਲਾਈ ਮਹੀਨੇ ਵਿਚ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਬੁੱਤਸਾਜ਼ ਪਰਵਿੰਦਰ ਸਿੰਘ ਨੂੰ ਨਵੇਂ ਸਿਰਿਓਂ ਨੋਟਿਸ ਜਾਰੀ ਕਰ ਕੇ ਉਕਤ ਥਾਂ ਫੌਰਨ ਖਾਲੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। ਗਮਾਡਾ ਦੀਆਂ ਚਿਤਾਵਨੀਆਂ ਕਾਰਨ ਬੁੱਤਸਾਜ਼ ਤੇ ਸਿੱਖ ਸੰਸਥਾਵਾਂ ਦੇ ਆਗੂਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਵੀ ਪੜ੍ਹੋ : ਪੰਜਾਬ ਪੁਲਿਸ 'ਚ ਕਾਂਸਟੇਬਲ, ਹੈੱਡ ਕਾਂਸਟੇਬਲ ਤੇ ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਨੌਜਵਾਨਾਂ ਨੂੰ ਸੱਦਾ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਦਰਸਾਉਂਦਾ ਪਿੰਡ ਬਲੌਂਗੀ ਸਥਿਤ ਸਿੱਖ ਅਜਾਇਬ ਘਰ ਨੂੰ ਪੱਕੇ ਤੌਰ ਉਤੇ ਉਤੇ ਜ਼ਮੀਨ ਅਲਾਟ ਨਹੀਂ ਹੋ ਰਹੀ। ਇਸ ਦੇ ਉਲਟ ਗਮਾਡਾ ਵੱਲੋਂ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਗੌਰਤਲਬ ਹੈ ਕਿ ਕਾਂਗਰਸ ਵੇਲੇ ਵੀ ਇਸ ਜ਼ਮੀਨ ਸਬੰਧੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜੋ ਕਿ ਲਾਰੇ ਹੀ ਸਾਬਿਤ ਹੋਏ ਹਨ। ਹੁਣ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਭਰੋਸਾ ਦੇ ਰਹੀ ਹੈ ਕਿ ਸਿੱਖ ਅਜਾਇਬ ਘਰ ਦੀ ਜ਼ਮੀਨ ਦਾ ਜਲਦ ਤੋਂ ਜਲਦ ਹੱਲ ਕਰ ਦਿੱਤਾ ਜਾਵੇਗਾ। -PTC News