ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਜਾਮੀਆ ਨਗਰ ਇਲਾਕੇ ਦੇ ਹੋਲੀ ਫੈਮਿਲੀ ਹਸਪਤਾਲ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਗੋਲੀਬਾਰੀ 'ਚ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਜਦਕਿ ਗੋਲੀ ਇੱਕ ਵਿਦਿਆਰਥੀ ਨੂੰ ਛੂਹ ਕੇ ਉਥੋਂ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ ਦੋਵਾਂ ਵਿਚ ਸੁਲ੍ਹਾ ਕਰਵਾ ਦਿੱਤੀ।
ਝਗੜੇ ਤੋਂ ਬਾਅਦ ਵਿਦਿਆਰਥੀ ਹਸਪਤਾਲ ਪਹੁੰਚ ਚੁੱਕੇ ਸਨ, ਜਦੋਂ ਇਕ ਕਾਰ ਵਿਚ ਸਵਾਰ ਨੌਜਵਾਨ ਨੇ ਹਸਪਤਾਲ ਵਿਚ ਹੀ ਆ ਕੇ ਗੋਲੀਆਂ ਚਲਾ ਦਿੱਤੀਆਂ। ਜਿੱਥੇ ਇਕ ਗੋਲੀ ਵਿਦਿਆਰਥੀ ਨੂੰ ਛੂਹ ਕੇ ਨਿਕਲ ਗਈ। ਲੜਾਈ ਦੌਰਾਨ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਦੋਵੇਂ ਵਿਦਿਆਰਥੀ ਖਤਰੇ ਤੋਂ ਬਾਹਰ ਹਨ। ਗੋਲੀਆਂ ਚਲਾਉਣ ਵਾਲੇ ਦੋਸ਼ੀ ਆਪਣੀ ਕਾਰ ਛੱਡ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ:ਮੁਹਾਲੀ 'ਚ ਝੂਲਾ ਟੁੱਟਣ ਦੇ ਮਾਮਲੇ 'ਚ ਪ੍ਰਬੰਧਕਾਂ ਦੀ ਗਲਤੀ ਆਈ ਸਾਹਮਣੇ, ਬਿਨਾਂ NOC ਤੋਂ ਚੱਲ ਰਹੇ ਸੀ ਝੂਲਾ
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 8.50 ਵਜੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਝਗੜੇ ਦੀ ਸੂਚਨਾ ਮਿਲੀ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਲੜਾਈ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਵਿਦਿਆਰਥੀ ਨੋਮਾਨ ਚੌਧਰੀ (26) ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਹੋਲੀ ਫੈਮਿਲੀ ਹਸਪਤਾਲ ਲਿਜਾਇਆ ਗਿਆ ਹੈ।
ਉਸ ਨੇ ਦੱਸਿਆ ਕਿ ਇਕ ਹੋਰ ਵਿਦਿਆਰਥੀ ਨੋਮਾਨ ਅਲੀ ਆਪਣੇ ਦੋਸਤ ਚੌਧਰੀ ਨੂੰ ਮਿਲਣ ਹਸਪਤਾਲ ਆਇਆ ਸੀ ਪਰ ਇਸੇ ਦੌਰਾਨ ਹਰਿਆਣਾ ਦੇ ਮੇਵਾਤ ਦਾ ਰਹਿਣ ਵਾਲਾ ਜਲਾਲ ਆਪਣੇ ਦੋਸਤਾਂ ਨਾਲ ਹਸਪਤਾਲ ਆਇਆ। ਉਹ ਵਿਦਿਆਰਥੀਆਂ ਦੇ ਇੱਕ ਹੋਰ ਸਮੂਹ ਨਾਲ ਸਬੰਧਤ ਹੈ। ਅਧਿਕਾਰੀ ਨੇ ਦੱਸਿਆ ਕਿ ਜਲਾਲ ਨੇ ਐਮਰਜੈਂਸੀ ਵਾਰਡ ਦੇ ਬਾਹਰ ਨੋਮਾਨ ਅਲੀ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਅਲੀ ਨੂੰ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਜਾਮੀਆ ਨਗਰ ਅਤੇ ਨਿਊ ਫਰੈਂਡਜ਼ ਕਲੋਨੀ ਦੀ ਪੁਲੀਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTC News