ਹਲਦਵਾਨੀ, 16 ਅਗਸਤ: ਤਕਰੀਬਨ 38 ਸਾਲ ਪਹਿਲਾਂ ਭਾਰਤ-ਪਾਕਿਸਤਾਨ ਵਿਚਾਲੇ ਹੋੇਏ ਸਿਆਚਿਨ ਸੰਘਰਸ਼ ਦੌਰਾਨ ਬਰਫੀਲੇ ਤੂਫ਼ਾਨ ਨਾਲ ਟਕਰਾ ਕੇ ਲਾਪਤਾ ਹੋਏ 19 ਕੁਮਾਊਂ ਰੈਜੀਮੈਂਟ ਦੇ ਜਵਾਨ ਦੀ ਲਾਸ਼ ਸਿਆਚਿਨ ਦੇ ਇੱਕ ਪੁਰਾਣੇ ਬੰਕਰ ਤੋਂ ਮਿਲੀ ਹੈ। ਐਤਵਾਰ ਨੂੰ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ 'ਚ ਜਵਾਨ ਚੰਦਰਸ਼ੇਖਰ ਹਰਬੋਲਾ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਜਿਸਤੋਂ ਬਾਅਦ ਇਸਦੀ ਸੂਚਨਾ ਮ੍ਰਿਤ ਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਆਰਹਾਟ ਦਾ ਰਹਿਣ ਵਾਲਾ ਹਰਬੋਲਾ 1975 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ 1984 ਵਿੱਚ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਸਿਆਚਿਨ 'ਚ ਟਕਰਾਅ ਹੋਇਆ ਤਾਂ ਹਰਬੋਲਾ ਸਮੇਤ 20 ਜਵਾਨਾਂ ਨੂੰ ‘ਆਪਰੇਸ਼ਨ ਮੇਘਦੂਤ’ ਤਹਿਤ ਇਲਾਕੇ ਵਿੱਚ ਗਸ਼ਤ ਕਰਨ ਲਈ ਭੇਜਿਆ ਗਿਆ ਸੀ। ਇਸ ਦੌਰਾਨ ਸਾਰੇ ਸੈਨਿਕ ਬਰਫੀਲੇ ਤੂਫਾਨ ਦੀ ਲਪੇਟ 'ਚ ਆ ਗਏ ਸਨ। ਬਾਅਦ 'ਚ ਹਾਦਸੇ 'ਚ ਸ਼ਹੀਦ ਹੋਏ 15 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਪਰ ਹਰਬੋਲਾ ਸਮੇਤ ਪੰਜ ਜਵਾਨਾਂ ਦੀਆਂ ਲਾਸ਼ਾਂ ਨਹੀਂ ਮਿਲ ਸਕੀਆਂ ਸਨ।
ਹਰਬੋਲਾ ਦੇ ਨਾਲ ਇੱਕ ਹੋਰ ਸੈਨਿਕ ਦੀ ਲਾਸ਼ ਮਿਲਣ ਦੀ ਖ਼ਬਰ ਵੀ ਆ ਰਹੀ ਹੈ। ਹਰਬੋਲਾ ਦੀ ਦੇਹ ਨੂੰ ਇਸ ਹਫ਼ਤੇ ਉਸਦੇ ਘਰ ਪਹੁੰਚਾਇਆ ਜਾਵੇਗਾ ਜਿਸਤੋਂ ਬਾਅਦ ਫੌਜੀ ਰਿਵਾਜ਼ਾਂ ਮੁਤਾਬਕ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਰਬੋਲਾ ਦੀ ਪਤਨੀ ਸ਼ਾਂਤੀ ਦੇਵੀ ਮੂਲ ਰੂਪ ਤੋਂ ਉੱਤਰਾਖੰਡ ਦੇ ਅਲਮੋੜਾ ਦੀ ਵਸਨੀਕ ਹੈ ਤੇ ਇਸ ਸਮੇਂ ਹਲਦਵਾਨੀ ਦੀ ਸਰਸਵਤੀ ਵਿਹਾਰ ਕਲੋਨੀ ਵਿੱਚ ਰਹਿੰਦੀ ਹੈ।
ਉਸ ਨੇ ਦੱਸਿਆ ਕਿ ਵਿਆਹ ਦੇ 9 ਸਾਲ ਬਾਅਦ ਉਸ ਦਾ ਪਤੀ ਲਾਪਤਾ ਹੋ ਗਿਆ ਸੀ ਅਤੇ ਉਸ ਸਮੇਂ ਉਸ ਦੀ ਉਮਰ ਮਹਿਜ਼ 28 ਸਾਲ ਸੀ ਜਦੋਂਕਿ ਉਸ ਦੀ ਵੱਡੀ ਬੇਟੀ ਚਾਰ ਸਾਲ ਦੀ ਅਤੇ ਦੂਜੀ ਬੇਟੀ ਡੇਢ ਸਾਲ ਦੀ ਸੀ। ਹਾਲਾਂਕਿ ਸ਼ਾਂਤੀ ਦੇਵੀ ਨੇ ਕਿਹਾ ਕਿ ਉਸਨੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਇੱਕ ਸ਼ਹੀਦ ਦੀ ਬਹਾਦਰ ਪਤਨੀ ਦੇ ਰੂਪ ਵਿੱਚ ਬੱਚਿਆਂ ਦੀ ਪਰਵਰਿਸ਼ ਕੀਤੀ।
ਸ਼ਹੀਦ ਸਿਪਾਹੀ ਦੇ ਘਰ ਪਹੁੰਚੇ ਹਲਦਵਾਨੀ ਦੇ ਸਬ-ਕਲੈਕਟਰ ਮਨੀਸ਼ ਕੁਮਾਰ ਅਤੇ ਤਹਿਸੀਲਦਾਰ ਸੰਜੇ ਕੁਮਾਰ ਨੇ ਦੱਸਿਆ ਕਿ ਹਰਬੋਲਾ ਦੀ ਮ੍ਰਿਤਕ ਦੇਹ ਜਲਦੀ ਹੀ ਇੱਥੇ ਪਹੁੰਚ ਜਾਵੇਗੀ, ਜਿਸ ਤੋਂ ਬਾਅਦ ਪੂਰੇ ਫੌਜੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ 'ਚ ਲਿਪਤ ਕਾਂਗਰਸੀ ਕੌਂਸਲਰ ਗ੍ਰਿਫ਼ਤਾਰ
-PTC News