ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਜ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਖ਼ਤਰਨਾਕ ਗੈਂਗਸਟਰ ਪੰਚਮ ਨੂਰ ਸਿੰਘ ਉਰਫ਼ ਪੰਚਮ ਨੂੰ 32 ਬੋਰ ਦੇ ਪਿਸਤੌਲ ਅਤੇ ਚਾਰ ਜ਼ਿੰਦਾ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਹੈ।ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਪੰਚਮ ਵਿਰੁੱਧ 10 ਤੋਂ ਵੱਧ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਪੰਚਮ ਇੱਕ ਬਦਨਾਮ ਗੈਂਗਸਟਰ ਹੈ, ਜੋ ਪੁਲਿਸ ਨੂੰ ਗੋਪਾਲ ਨਗਰ ਗੋਲੀ ਕਾਂਡ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਪੰਚਮ ਨੂੰ 15 ਅਪ੍ਰੈਲ, 2022 ਨੂੰ ਦਰਜ ਐਫ.ਆਈ.ਆਰ. 56 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੈਂਗਵਾਰ ਦੇ ਚੱਲਦਿਆਂ ਪੰਚਮ ਗੈਂਗ ਵੱਲੋਂ ਗੋਪਾਲ ਨਗਰ ਵਿਖੇ ਇੱਕ ਨੌਜਵਾਨ 'ਤੇ ਗੋਲੀ ਚਲਾਈ ਗਈ ਸੀ ਪਰ ਗੋਲੀ ਆਪਣੇ ਨਿਸ਼ਾਨੇ ਤੋਂ ਖੁੰਝ ਗਈ ਅਤੇ ਇੱਕ ਹੋਰ ਨੌਜਵਾਨ, ਜੋ ਆਪਣੇ ਪਰਿਵਾਰ ਨਾਲ ਜਾ ਰਿਹਾ ਸੀ, ਇਸ ਦੀ ਲਪੇਟ ਵਿੱਚ ਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੰਚਮ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਉਹ ਫਰਾਰ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪੰਚਮ ਲਈ ਸ਼ਿਕੰਜਾ ਕੱਸਦਿਆਂ ਉਸ ਨੂੰ ਫੜਨ ਲਈ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ ਸਮੇਤ ਕਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ । ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਇਤਲਾਹ ਦੇ ਆਧਾਰ 'ਤੇ ਪੁਲਿਸ ਨੇ ਅੱਜ ਉਸ ਨੂੰ ਸ਼ਹਿਰ ਦੇ ਬਾਹਰਵਾਰ.32 ਬੋਰ ਦੇ ਇਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ । ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਡੀ.ਸੀ.ਪੀ. ਜਸਕਰਨ ਸਿੰਘ ਤੇਜਾ, ਏ.ਡੀ.ਸੀ.ਪੀ. ਗੁਰਬਾਜ਼ ਸਿੰਘ, ਏ.ਸੀ.ਪੀ. ਨਿਰਮਲ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਸਮੇਤ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਵੱਲੋਂ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ। ਇਹ ਵੀ ਪੜ੍ਹੋ:ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਸਮੇਤ 424 ਵਿਅਕਤੀਆਂ ਦੀ ਸੁਰੱਖਿਆ ਲਈ ਵਾਪਸ -PTC News