ਪਟਿਆਲਾ 'ਚ ਮਿਲਿਆ ਕੋਰੋਨਾ ਦਾ ਇੱਕ ਹੋਰ ਪਾਜ਼ੀਟਿਵ ਕੇਸ, ਜ਼ਿਲ੍ਹੇ 'ਚ ਪੀੜਤ ਮਰੀਜਾਂ ਦੀ ਗਿਣਤੀ ਹੋਈ 3

By  Shanker Badra April 15th 2020 11:04 AM

ਪਟਿਆਲਾ 'ਚ ਮਿਲਿਆ ਕੋਰੋਨਾ ਦਾ ਇੱਕ ਹੋਰ ਪਾਜ਼ੀਟਿਵ ਕੇਸ, ਜ਼ਿਲ੍ਹੇ 'ਚ ਪੀੜਤ ਮਰੀਜਾਂ ਦੀ ਗਿਣਤੀ ਹੋਈ 3:ਪਟਿਆਲਾ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪਟਿਆਲਾ ਸ਼ਹਿਰ 'ਚ ਅੱਜ ਦੇਰ ਰਾਤ ਇਕ ਹੋਰ ਕੋਰੋਨਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 52 ਸਾਲ ਦੇ ਇਕ ਮਰੀਜ਼ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਰਿਪੋਰਟ ਰਾਤ 9 ਵਜੇ ਤੋਂ ਬਾਅਦ ਮਿਲੀ ਹੈ। ਇਸ ਉਪਰੰਤ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਮਰੀਜ਼ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਚ ਦਾਖਲ ਕਰ ਦਿੱਤਾ ਹੈ,ਉਥੇ ਹੀ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਹੀ ਕੁਆਰਨਟਾਈਨ ਕੀਤਾ ਗਿਆ ਹੈ,ਜਿਨ੍ਹਾਂ ਦੇ ਇਹਤਿਆਦ ਵਜੋਂ ਸੈਂਪਲ ਲੈ ਲਏ ਗਏ ਹਨ। ਪੀੜਤ ਮਰੀਜ਼ ਦੇ ਘਰ ਵਿਚ ਉਸ ਦੀ ਪਤਨੀ ਤੋਂ ਇਲਾਵਾ 2 ਬੱਚੇ ਵੀ ਹਨ।  ਇਸ ਮਰੀਜ਼ ਦੀ ਕੋਈ ਵਿਦੇਸ਼ੀ ਯਾਤਰਾ ਦਾ ਇਤਿਹਾਸ ਨਹੀਂ ਹੈ। ਪੀੜਤ ਮਰੀਜ਼ ਕੋਰੋਨਾ ਵਾਇਰਸ ਦੇ ਸੰਪਰਕ 'ਚ ਕਿਸ ਤਰ੍ਹਾਂ ਆਇਆ ਹੈ ,ਉਸ ਦਾ ਵੀ ਸਿਹਤ ਵਿਭਾਗ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ। ਪੀੜਤ ਮਰੀਜ਼ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਵਿੱਚ ਕੋਰੋਨਾ ਵਾਇਰਸ ਸਬੰਧੀ ਕੋਈ ਵੀ ਲੱਛਣ ਮੌਜੂਦ ਨਹੀਂ ਹਨ.ਇਸ ਲਈ ਇਹਤਿਆਤ ਵਜੋਂ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।ਇਹ ਮਰੀਜ਼ ਸੈਫਾਵਾਦੀ ਗੇਟ ਦਾ ਰਹਿਣ ਵਾਲਾ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 186 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 56 , ਜਲੰਧਰ - 25 , ਪਠਾਨਕੋਟ - 22 , ਨਵਾਂਸ਼ਹਿਰ - 19 , ਅੰਮ੍ਰਿਤਸਰ - 11 , ਲੁਧਿਆਣਾ – 11, ਮਾਨਸਾ - 11, ਹੁਸ਼ਿਆਰਪੁਰ - 7 ,  ਮੋਗਾ - 4 , ਫਰੀਦਕੋਟ - 3 , ਰੋਪੜ - 3,  ਬਰਨਾਲਾ - 2,ਫਤਿਹਗੜ੍ਹ ਸਾਹਿਬ - 2 , ਕਪੂਰਥਲਾ - 2 ,  ਪਟਿਆਲਾ - 3 , ਸੰਗਰੂਰ - 3 , ਸ੍ਰੀ ਮੁਕਤਸਰ ਸਾਹਿਬ - 1 , ਗੁਰਦਾਸਪੁਰ- 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 13 ਮੌਤਾਂ ਹੋ ਚੁੱਕੀਆਂ ਹਨ ਅਤੇ 27 ਮਰੀਜ਼ ਠੀਕ ਹੋ ਚੁੱਕੇ ਹਨ। -PTCNews

Related Post