ਨਵੀਂ ਦਿੱਲੀ: ਭਾਰਤ 'ਚ ਕੋਰੋਨਾ (corona) ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 1054 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਇਸ ਦੌਰਾਨ 29 ਮਰੀਜ਼ਾਂ ਦੀ ਮੌਤ ਹੋ ਗਈ। ਸ਼ਨੀਵਾਰ ਦੇ ਮੁਕਾਬਲੇ ਅੱਜ ਸੌ ਦੇ ਕਰੀਬ ਮਾਮਲੇ ਘੱਟ ਆਏ ਹਨ। ਸ਼ਨੀਵਾਰ ਨੂੰ ਦੇਸ਼ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1,150 ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਇਨਫੈਕਸ਼ਨ ਕਾਰਨ ਮੌਤ ਦੇ 29 ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,21,685 ਹੋ ਗਈ ਹੈ। ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 11,132 ਹੋ ਗਈ ਹੈ। ਜੋ ਕੁੱਲ ਕੇਸਾਂ ਦਾ 0.03 ਫੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 98.76 ਪ੍ਰਤੀਸ਼ਤ ਹੈ। ਅੰਕੜਿਆਂ ਅਨੁਸਾਰ, ਲਾਗ ਦੀ ਰੋਜ਼ਾਨਾ ਦਰ 0.25 ਪ੍ਰਤੀਸ਼ਤ ਅਤੇ ਹਫ਼ਤਾਵਾਰ ਦਰ 0.23 ਪ੍ਰਤੀਸ਼ਤ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 4,25,01,196 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ ਅਤੇ ਕੋਵਿਡ-19 ਤੋਂ ਮੌਤ ਦਰ 1.21 ਫੀਸਦੀ ਹੈ। ਇਸ ਦੇ ਨਾਲ ਹੀ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਤਹਿਤ, ਹੁਣ ਤੱਕ ਕੋਵਿਡ-19 ਵਿਰੋਧੀ ਟੀਕਿਆਂ ਦੀਆਂ 185.57 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਵੀ ਪੜ੍ਹੋ : ਹਰਿਮੰਦਰ ਸਾਹਿਬ 'ਚ ਪਹੁੰਚ ਕੇ ਸਕੁਨ 'ਚ ਦਿਖੀ ਸ਼ਹਿਨਾਜ਼ ਗਿੱਲ, ਤਸਵੀਰ ਵੇਖ ਪ੍ਰਸ਼ੰਸਕ ਹੋ ਰਹੇ ਖੁਸ਼ ਸ਼ਨੀਵਾਰ ਨੂੰ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 160 ਨਵੇਂ ਮਾਮਲੇ ਸਾਹਮਣੇ ਆਏ ਅਤੇ ਸੰਕਰਮਣ ਦੀ ਦਰ ਵਧ ਕੇ 1.55 ਫੀਸਦੀ ਹੋ ਗਈ। ਪਿਛਲੇ ਇੱਕ ਦਿਨ ਵਿੱਚ ਕੋਵਿਡ-19 ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ। ਰਾਸ਼ਟਰੀ ਰਾਜਧਾਨੀ ਵਿੱਚ ਹੁਣ ਤੱਕ ਸੰਕਰਮਣ ਦੇ 18,66,102 ਮਾਮਲੇ ਸਾਹਮਣੇ ਆਏ ਹਨ ਅਤੇ ਮਹਾਂਮਾਰੀ ਕਾਰਨ 26,156 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਵਿੱਚ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਸ਼ਨੀਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਦੇ 34 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਹ ਤਿੰਨ ਹਫ਼ਤਿਆਂ ਵਿੱਚ ਇੱਕ ਦਿਨ ਵਿੱਚ ਸਾਹਮਣੇ ਆਏ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਨਾਲ ਸੂਬੇ ਵਿੱਚ ਮਹਾਂਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 12,24,025 ਹੋ ਗਈ ਹੈ। ਇਸ ਦੇ ਨਾਲ ਹੀ, ਰਾਜ ਵਿੱਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 10,942 ਦੇ ਅੰਕੜੇ 'ਤੇ ਸਥਿਰ ਰਹੀ। 14 ਮਾਰਚ ਨੂੰ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 33 ਮਾਮਲੇ ਸਾਹਮਣੇ ਆਏ ਸਨ। ਹੁਣ ਤੱਕ 12,12,969 ਲੋਕ ਮਹਾਂਮਾਰੀ ਨੂੰ ਹਰਾ ਚੁੱਕੇ ਹਨ, ਜਿਨ੍ਹਾਂ ਵਿੱਚ ਸ਼ਨੀਵਾਰ ਨੂੰ ਠੀਕ ਹੋਏ ਛੇ ਲੋਕ ਵੀ ਸ਼ਾਮਲ ਹਨ। -PTC News