ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪਟਿਆਲਾ 'ਚ 15 ਮਿੰਟ ਤੱਕ ਭਟਕਿਆ ਰਾਹੁਲ ਗਾਂਧੀ ਦਾ ਕਾਫਲਾ
ਚੰਡੀਗੜ੍ਹ: ਕਾਂਗਰਸੀ ਲੀਡਰ ਰਾਹੁਲ ਗਾਂਧੀ ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੰਜਾਬ ਦੇ ਮਾਨਸਾ ਦੇ ਪਿੰਡ ਮੂਸਾ ਪਹੁੰਚ ਗਏ ਹਨ। ਉਨ੍ਹਾਂ ਨਾਲ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਹੈ। ਇਸ ਦੌਰਾਨ ਰਾਹੁਲ ਗਾਂਧੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾ ਰਹੇ ਹਨ। ਇਸ ਵਿਚਾਲੇ ਮਾਨਸਾ ਦੇ ਪਿੰਡ ਮੂਸਾ ਪਹੁੰਚਣ ਤੋਂ ਪਹਿਲਾਂ ਪਟਿਆਲਾ ਪੁਲਸ ਤੇ ਟ੍ਰੈਫਿਕ ਇੰਚਾਰਜ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਦਾ ਕਾਫਲਾ ਸੰਗਰੂਰ ਬਾਈਪਾਸ ਜਾਣ ਦੀ ਬਜਾਏ ਪਟਿਆਲਾ 'ਚ ਦਾਖਲ ਹੋਇਆ ਹੈ। ਇਸ ਦੇ ਨਾਲ ਪਟਿਆਲਾ ਦੀ ਲੱਕੜ ਮੰਡੀ ਤੋਂ ਵਾਪਸ ਮੋੜ ਕੇ ਹੁਣ ਕਾਫਲਾ ਮੁੜ ਕੇ ਬਾਈਪਾਸ 'ਤੇ ਚੜਿਆ ਹੈ।
ਪਟਿਆਲਾ ਪੁਲਸ ਦੀਆਂ 2 ਪਾਇਲਟ ਗੱਡੀਆਂ ਬਨੂੜ ਤੋਂ ਹੀ ਨਾਲ ਲੱਗ ਗਈਆਂ ਸਨ ਪਰ ਅਰਬਨ ਇਸਟੇਟ ਤੋਂ ਬਾਈਪਾਸ ਜਾਣ ਦੀ ਬਜਾਏ ਸ਼ਹਿਰ 'ਚ ਦਾਖਲ ਹੋ ਗਿਆ।
ਦੱਸ ਦੇਈਏ ਕਿ ਚੰਡੀਗੜ੍ਹ ਹਵਾਈ ਅੱਡੇ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਗਟ ਸਿੰਘ ਸਮੇਤ ਵੱਡੇ ਪਾਰਟੀ ਆਗੂਆਂ ਨੇ ਰਾਹੁਲ ਗਾਂਧੀ ਸਵਾਗਤ ਵੀ ਕੀਤਾ।
ਇਸ ਤੋਂ ਪਹਿਲਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ (Akal Takht Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੋਰ ਸਮੇਤ ਕਈ ਆਗੂ ਮੂਸਾ ਪਿੰਡ ਪਹੁੰਚੇ ਹਨ।
ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਇਸ ਕਤਲ 'ਤੇ ਦੁੱਖ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ ਸੀ - ਕਾਂਗਰਸ ਨੇਤਾ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਹੈਰਾਨ ਅਤੇ ਦੁਖੀ ਹਾਂ। ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।