ਚੰਡੀਗੜ੍ਹ : ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਅੱਜ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਮਾਮਲੇ ਸਬੰਧੀ ਫ਼ੈਸਲਾ ਹੋ ਸਕਦਾ ਹੈ। ਜਾਖੜ ਨੇ ਅਨੁਸ਼ਾਸਨੀ ਕਮੇਟੀ ਵੱਲੋਂ ਭੇਜੇ ਗਏ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਿਸ ਕਾਰਨ ਮਾਮਲਾ ਉਲਝ ਗਿਆ ਹੈ। ਮੀਟਿੰਗ ਵਿੱਚ ਫੈਸਲਾ ਹੋਵੇਗਾ ਕਿ ਕਾਰਵਾਈ ਹੋਵੇਗੀ ਜਾਂ ਮੁੜ ਨੋਟਿਸ ਭੇਜਿਆ ਜਾਵੇਗਾ। ਸੁਨੀਲ ਜਾਖੜ ਨੇ ਵੀ ਟਵੀਟ ਕਰ ਇਸ ਮੀਟਿੰਗ ਦੇ ਫੈਸਲੇ ਸਬੰਧੀ ਸੰਕੇਤ ਦਿੱਤੇ ਹਨ।
ਇਸ ਦੇ ਲਈ ਦਿੱਲੀ 'ਚ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਬੈਠਕ ਹੋ ਰਹੀ ਹੈ। ਜਿਸ ਵਿੱਚ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਲੈ ਕੇ ਅੰਤਿਮ ਫ਼ੈਸਲਾ ਲਿਆ ਜਾਵੇਗਾ। ਅਨੁਸ਼ਾਸਨੀ ਕਮੇਟੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਬਿਆਨਬਾਜ਼ੀ ਨੂੰ ਲੈ ਕੇ 'ਕਾਰਨ ਦੱਸੋ ਨੋਟਿਸ' ਜਾਰੀ ਕੀਤਾ ਸੀ ਜਿਸ 'ਤੇ ਸੁਨੀਲ ਜਾਖੜ ਗੰਭੀਰ ਨਹੀਂ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਅਜੇ ਤੱਕ ਅਨੁਸ਼ਾਸਨੀ ਕਮੇਟੀ ਨੂੰ ਕੋਈ ਜਵਾਬ ਨਹੀਂ ਦਿੱਤਾ ਜਦਕਿ ਇੱਕ ਹਫ਼ਤੇ ਵਿੱਚ ਜਵਾਬ ਦਿੱਤਾ ਜਾਣਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੱਤਾ ਕਿ ਉਹ ਹਾਈਕਮਾਂਡ ਅੱਗੇ ਝੁਕਣਗੇ ਨਹੀਂ। ਹਾਲਾਂਕਿ ਜਾਖੜ 'ਤੇ ਕਾਰਵਾਈ ਨਾਲ ਕਾਂਗਰਸ 'ਚ ਕਲੇਸ਼ ਹੋਰ ਤੇਜ਼ ਹੋ ਸਕਦਾ ਹੈ। ਉਨ੍ਹਾਂ ਵਰਗੇ ਨਵਜੋਤ ਸਿੱਧੂ ਸਮੇਤ ਕਈ ਆਗੂ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ।
ਦੱਸ ਦੇਈਏ ਕਿ ਜਾਖੜ ਦੀ ਬਿਆਨਬਾਜ਼ੀ ਨੂੰ ਲੈ ਕੇ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਾਰਵਾਈ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਸੁਨੀਲ ਜਾਖੜ ਨੇ ਇਸ ਗੱਲ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਹਾਈਕਮਾਂਡ ਨੇ ਪਹਿਲਾਂ ਇਸ ਮੁੱਦੇ 'ਤੇ ਗੱਲ ਨਹੀਂ ਕੀਤੀ ਕਿ ਉਨ੍ਹਾਂ ਨੂੰ ਸਿੱਧਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਕਮੇਟੀ ਦੇ ਮੈਂਬਰ ਜੇਪੀ ਅਗਰਵਾਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਕਾਂਗਰਸੀ ਆਗੂ ਕੇਵੀ ਥਾਮਸ ਤੇ ਸੁਨੀਲ ਜਾਖੜ ਦੇ ਮਸਲੇ ਉਤੇ ਚਰਚਾ ਹੋਣੀ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਨ ਜਿਨ੍ਹਾਂ ਨੇ ਬਗਾਵਤੀ ਸੁਰ ਵਿਖਾਏ ਸਨ। ਜਾਖੜ ਨੇ ਜੀ-23 ਆਗੂਆਂ ਦੀਆਂ ਸਰਗਰਮੀਆਂ ਨੂੰ ਲੈ ਕੇ ਜੋ ਬਿਆਨ ਦਿੱਤਾ ਸੀ ਉਹ ਪਾਰਟੀ ਦੇ ਹੱਕ ਵਿੱਚ ਸਨ ਪਰ ਪੰਜਾਬ ਕਾਂਗਰਸ ਦਾ ਇਕ ਵਰਗ ਉਸ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੋੜ ਕੇ ਦੇਖ ਰਹੇ ਸਨ ਤੇ ਇਸ ਨੂੰ ਦਲਿਤਾਂ ਦਾ ਕਥਿਤ ਰੂਪ ਵਿੱਚ ਅਪਮਾਨ ਦੱਸਿਆ ਗਿਆ।
ਇਹ ਵੀ ਪੜ੍ਹੋ : 102 ਕਿਲੋ ਬਰਾਮਦ ਹੋਈ ਹੈਰੋਇਨ ਦਾ ਮਾਮਲਾ : ਵਿਪਨ ਮਿੱਤਲ ਅੰਮ੍ਰਿਤਸਰ ਅਦਾਲਤ 'ਚ ਪੇਸ਼