ਕੋਰੋਨਾ ਮਗਰੋਂ ਯੂਪੀ ਤੇ ਰਾਜਸਥਾਨ 'ਚ ਸਵਾਈਨ ਫਲੂ ਨਾਲ ਮੌਤਾਂ ਬਣੀਆਂ ਚਿੰਤਾ ਦਾ ਵਿਸ਼ਾ

By  Ravinder Singh June 6th 2022 01:04 PM

ਨਵੀਂ ਦਿੱਲੀ : ਕੋਰੋਨਾ ਲਾਗ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਕੇਰਲ, ਯੂਪੀ ਅਤੇ ਰਾਜਸਥਾਨ ਵਿੱਚ ਸਵਾਈਨ ਫਲੂ ਕਾਰਨ ਮਰੀਜ਼ਾਂ ਦੀ ਮੌਤ ਨੇ ਸਹਿਮ ਦਾ ਮਾਹੌਲ ਛਾ ਗਿਆ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 3 ਲੋਕ ਤੇ ਓਡੀਸ਼ਾ ਵਿੱਚ 2 ਲੋਕ H1N1 ਦੀ ਲਪੇਟ ਵਿਚ ਆ ਗਏ ਹਨ। ਦੇਸ਼ ਭਰ ਦੇ ਕਈ ਸੂਬਿਆਂ ਵਿੱਚ ਸਵਾਈਨ ਫਲੂ ਦੇ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਮਰੀਜ਼ਾਂ ਵਿੱਚ ਕੋਰੋਨਾ ਨਾਲ ਮਿਲਦੇ-ਜੁਲਦੇ ਲੱਛਣ ਨਮੂਨੀਆ, ਸਾਹ ਲੈਣ ਵਿੱਚ ਤਕਲੀਫ ਤੇ ਆਕਸੀਜਨ ਦੀ ਕਮੀ ਹੈ ਜੋ ਕਿ ਬਹੁਤ ਖਤਰਨਾਕ ਸੰਕੇਤ ਹੈ। ਕੇਰਲ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੋਝੀਕੋਡ ਦੀ ਰਹਿਣ ਵਾਲੀ 12 ਸਾਲਾ ਲੜਕੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਹੈ। ਬੱਚੀ ਦੀ ਮੌਤ ਐਤਵਾਰ ਯਾਨੀ 29 ਮਈ ਨੂੰ ਹੋਈ ਸੀ ਪਰ ਲੈਬ ਦੇ ਨਤੀਜੇ ਆਉਣ ਤੋਂ ਬਾਅਦ ਐਚ1ਐਨ1 ਦੀ ਪੁਸ਼ਟੀ ਹੋਈ। ਬੱਚੀ ਦੀ ਜੁੜਵਾ ਭੈਣ ਵੀ ਸਵਾਈਨ ਫਲੂ ਤੋਂ ਪੀੜਤ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ 'ਚ 3 ਲੋਕ ਸਵਾਈਨ ਫਲੂ ਨਾਲ ਸੰਕਰਮਿਤ ਪਾਏ ਗਏ ਹਨ। ਸੀ.ਐਮ.ਐਚ.ਓ ਡਾ.ਬੀਐਸ ਸੇਤੀਆ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਪੀੜਤ 2 ਪੁਰਸ਼ ਅਤੇ ਇਕ ਔਰਤ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਸਿਹਤ ਵਿਭਾਗ ਨੇ ਇਨ੍ਹਾਂ ਮਰੀਜ਼ਾਂ ਦੇ ਰਹਿਣ ਵਾਲੇ ਇਲਾਕਿਆਂ ਦਾ ਵੀ ਸਰਵੇਖਣ ਕੀਤਾ ਹੈ। 2019 ਵਿੱਚ, ਮੱਧ ਪ੍ਰਦੇਸ਼ ਵਿੱਚ ਸਵਾਈਨ ਫਲੂ ਦੇ 720 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਅਤੇ 165 ਮਰੀਜ਼ਾਂ ਦੀ ਮੌਤ ਹੋ ਗਈ ਸੀ। ਪਿਛਲੇ ਦੋ ਮਹੀਨਿਆਂ ਵਿੱਚ ਰਾਜਸਥਾਨ ਵਿੱਚ ਸਵਾਈਨ ਫਲੂ ਦੇ 90 ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਇਕੱਲੇ ਜੈਪੁਰ ਵਿੱਚ 70 ਤੋਂ ਵੱਧ ਮਰੀਜ਼ ਪਾਏ ਗਏ ਹਨ। ਕੋਰੋਨਾ ਮਗਰੋਂ ਯੂਪੀ ਤੇ ਰਾਜਸਥਾਨ 'ਚ ਸਵਾਈਨ ਫਲੂ ਨਾਲ ਮੌਤਾਂ ਬਣੀਆਂ ਚਿੰਤਾ ਦਾ ਵਿਸ਼ਾ ਜੈਪੁਰ 'ਚ ਸਵਾਈਨ ਫਲੂ ਕਾਰਨ ਹੁਣ ਤੱਕ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜੈਪੁਰ ਵਿੱਚ, 2018 ਵਿੱਚ ਸਵਾਈਨ ਫਲੂ ਨਾਲ 221, 2019 ਵਿੱਚ 208 ਅਤੇ 2021 ਵਿੱਚ 116 ਲੋਕਾਂ ਦੀ ਮੌਤ ਹੋਈ। ਦੇਸ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸੂਬੇ ਯੂਪੀ ਵਿੱਚ ਵੀ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਕਾਨਪੁਰ 'ਚ ਸਵਾਈਨ ਫਲੂ ਕਾਰਨ ਇਕ ਸਰਾਫਾ ਵਪਾਰੀ ਦੀ ਮੌਤ ਤੋਂ ਬਾਅਦ ਪੂਰੇ ਸੂਬੇ 'ਚ ਹੜਕੰਪ ਮਚ ਗਿਆ ਹੈ। ਹਾਲਾਂਕਿ, ਪਰਿਵਾਰ ਵਿੱਚ ਅਜੇ ਤੱਕ ਕਿਸੇ ਹੋਰ ਨੂੰ H1N1 ਪਾਜ਼ੇਟਿਵ ਨਹੀਂ ਪਾਇਆ ਗਿਆ ਹੈ। ਇਸ ਤੋਂ ਪਹਿਲਾਂ 2019 'ਚ ਸੂਬੇ 'ਚ ਸਵਾਈਨ ਫਲੂ ਕਾਰਨ ਇਕ ਮੌਤ ਹੋਈ ਸੀ। ਇਹ ਵੀ ਪੜ੍ਹੋ : ਧਮਕੀ ਮਗਰੋਂ ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਵਧਾਈ

Related Post