ਬਰਜਿੰਦਰ ਸਿੰਘ ਪਰਵਾਨਾ ਸਬੰਧਿਤ ਪੁਰਾਣੇ ਕੇਸਾਂ ਨੂੰ ਖੰਗਾਲਕੇ ਮਾਮਲੇ ਨੂੰ ਉਲਝਾਉਣਾ ਪੁਲਿਸ ਦੀ ਨਿੰਦਣਯੋਗ ਕਾਰਵਾਈ

By  Jasmeet Singh May 10th 2022 05:59 PM

ਪਟਿਆਲਾ, 10 ਮਈ: ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪਟਿਆਲਾ ਹਿੰਸਾ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਗਏ ਬਰਜਿੰਦਰ ਸਿੰਘ ਪਰਵਾਨਾ ਨੂੰ ਪੁਰਾਣੇ ਵੱਖ ਵੱਖ ਕੇਸਾਂ ’ਚ ਉਲਝਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸਿੱਖ ਨੌਜਵਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ। ਇਹ ਵੀ ਪੜ੍ਹੋ: ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਜਥੇਦਾਰ ਪੰਜੋਲੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਟਿਆਲਾ ਹਿੰਸਾ ਨੂੰ ਲੈ ਕੇ ਜਿਥੇ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ ਗਈ ਸੀ, ਉਥੇ ਹੀ ਇਸ ਘਟਨਾ ’ਚ ਸ਼ਾਮਲ ਭਾਵੇਂ ਬਰਜਿੰਦਰ ਸਿੰਘ ਪਰਵਾਨਾ ਅਤੇ ਹਰੀਸ਼ ਸਿੰਗਲਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ, ਪ੍ਰੰਤੂ ਹੁਣ ਕਪੂਰਥਲਾ ਪੁਲਿਸ ਵੱਲੋਂ ਬਰਜਿੰਦਰ ਸਿੰਘ ਪਰਵਾਨਾ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਜਾਣਾ ਨਿੰਦਣਯੋਗ ਕਾਰਵਾਈ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਇਸ ਮਾਮਲੇ ਨੂੰ ਠੰਡਾ ਕਰਨ ਲਈ ਪੁਲਿਸ ਨੂੰ ਆਪਣੀ ਭੂਮਿਕਾ ਅਦਾ ਕਰਨ ਦੀ ਲੋੜ ਹੈ ਅਤੇ ਭੜਕਾਹਟ ਪੈਦਾ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਪੰਜਾਬ ਨੇ ਲੰਮਾ ਸਮਾਂ ਸੰਤਾਪ ਭੋਗਿਆ ਹੈ, ਪ੍ਰੰਤੂ ਹੁਣ ਕੋਈ ਵੀ ਨਹੀਂ ਚਾਹੁੰਦਾ ਕਿ ਪੰਜਾਬ ਵਿਚ ਆਪਸੀ ਭਾਈਚਾਰੇ ਵਿਚ ਮੁੜ ਤੋਂ ਤਣਾਅ ਪੈਦਾ ਹੋਵੇ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕਪੂਰਥਲਾ ਪੁਲਿਸ ਹੁਣ ਕਿਉਂ ਜਾਗੀ ਹੈ? ਜਦਕਿ ਕਪੂਰਥਲਾ ਵਿਖੇ ਵਾਪਰੀ ਘਟਨਾ ਨੂੰ ਸੱਤ ਅੱਠ ਮਹੀਨੇ ਲੰਘ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਪਟਿਆਲਾ ਹਿੰਸਾ ਮਾਮਲੇ ’ਚ ਬਰਜਿੰਦਰ ਸਿੰਘ ਪਰਵਾਨਾ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਕਪੂਰਥਲਾ ਪੁਲਿਸ ਵੱਲੋਂ ਪੁਰਾਣੇ ਕੇਸਾਂ ਨੂੰ ਖੰਗਾਲਕੇ ਮਾਮਲੇ ਨੂੰ ਉਲਝਾਉਣਾ ਪੁਲਿਸ ਦੀ ਨਿੰਦਣਯੋਗ ਕਾਰਵਾਈ। ਜਥੇਦਾਰ ਪੰਜੋਲੀ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਸਿੱਖ ਆਗੂ ਬਰਜਿੰਦਰ ਸਿੰਘ ਪਰਵਾਨਾ ਦੇ ਮਾਮਲੇ ’ਚ ਪਾਰਦਰਸ਼ਤਾ ਨਾਲ ਕਾਰਵਾਈ ਲਈ ਯੋਗ ਕਦਮ ਉਠਾਏ ਜਾਣ ਅਤੇ ਜਾਣ ਬੁੱਝ ਕੇ ਪੁਰਾਣੇ ਕੇਸਾਂ ਨੂੰ ਆਧਾਰ ਬਣਾਕੇ ਖੱਜਲ ਖੁਆਰੀ ਬੰਦ ਕੀਤਾ ਜਾਵੇ। ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਨੇ ਬਿਜਲੀ ਨਾਲ ਸਬੰਧਤ ਮੁੱਦਿਆਂ 'ਤੇ ਬਿਜਲੀ ਮੰਤਰੀ ਨੂੰ ਸੌਂਪਿਆ ਮੰਗ ਪੱਤਰ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਪਟਿਆਲਾ ਹਿੰਸਾ ਦੇ ਮੁੱਖ ਮੁਲਜ਼ਮ ਬਰਜਿੰਦਰ ਸਿੰਘ ਪਰਵਾਨਾ ਅਤੇ ਹਰੀਸ਼ ਸਿੰਗਲਾ ਸਮੇਤ ਚਾਰ ਹੋਰ ਮੁਲਜ਼ਮਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਥਾਣਾ ਕੋਤਵਾਲੀ ਪਟਿਆਲਾ ਦੇ ਐਸਐਚਓ ਰਾਹੁਲ ਕੌਸ਼ਲ ਨੇ ਦੱਸਿਆ ਕਿ ਪਟਿਆਲਾ ਝੜਪ ਦੇ ਮਾਮਲੇ ਵਿੱਚ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿੱਚ ਛੇ ਐਫਆਈਆਰ ਦਰਜ ਕੀਤੀਆਂ ਗਈਆਂ ਹਨ। -PTC News

Related Post