ਦੀਵਾਲੀ ਦੀ ਰਾਤ ਭੜਕੀ ਫਿਰਕੂ ਹਿੰਸਾ, ਪੁਲਿਸ 'ਤੇ ਸੁੱਟੇ ਪੈਟਰੋਲ ਬੰਬ, 19 ਦੰਗਾਕਾਰੀਆਂ ਨੂੰ ਹਿਰਾਸਤ 'ਚ ਲਿਆ

By  Jasmeet Singh October 25th 2022 12:09 PM -- Updated: October 25th 2022 12:11 PM

ਵਡੋਦਰਾ, 25 ਅਕਤੂਬਰ: ਦੀਵਾਲੀ ਦੀ ਰਾਤ ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਫਿਰਕੂ ਹਿੰਸਾ ਭੜਕ ਗਈ। ਇਸ ਦੌਰਾਨ ਝੜਪਾਂ ਵੀ ਹੋਈਆਂ। ਪੁਲਿਸ ਨੇ ਮੰਗਲਵਾਰ ਸਵੇਰ ਤੱਕ 19 ਦੰਗਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਹੋਰ ਦੰਗਾਕਾਰੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋਮਵਾਰ ਰਾਤ ਨੂੰ ਸ਼ਹਿਰ ਦੇ ਪਾਣੀਗੇਟ ਇਲਾਕੇ 'ਚ ਵੀ ਝੜਪਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਪੁਲਿਸ ਨੇ ਮੰਨਿਆ ਕਿ ਝਗੜਾ ਇੱਕ ਤੋਂ ਬਾਅਦ ਇੱਕ ਪਟਾਕੇ ਚਲਾਉਣ ਅਤੇ ਰਾਕੇਟ ਛੱਡਣ ਨਾਲ ਸ਼ੁਰੂ ਹੋਇਆ ਸੀ। ਵਡੋਦਰਾ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਯਸ਼ਪਾਲ ਜਗਾਨਿਆ ਨੇ ਸਥਾਨਕ ਮੀਡੀਆ ਨੂੰ ਦੱਸਿਆ, "ਹਿੰਸਾ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਪੂਰੇ ਸ਼ਹਿਰ ਤੋਂ ਕਰਮਚਾਰੀ ਮੌਕੇ 'ਤੇ ਭੇਜੇ ਗਏ ਅਤੇ ਸਥਿਤੀ ਨੂੰ ਕਾਬੂ ਕਰ ਲਿਆ ਗਿਆ।'' gujaratviolence ਮੌਕੇ 'ਤੇ ਹਾਲਾਤਾਂ 'ਤੇ ਕਾਬੂ ਪਾਉਣ ਗਈ ਪੁਲਿਸ 'ਤੇ ਘਰ ਦੀ ਛੱਤਾਂ ਤੋਂ ਪੈਟਰੋਲ ਬੰਬ ਵੀ ਸੁੱਟੇ ਗਏ, ਇਸ ਸਬੰਧ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਝੜਪ ਸ਼ੁਰੂ ਹੋਣ ਤੋਂ ਪਹਿਲਾਂ ਸਟ੍ਰੀਟ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਦੋਵਾਂ ਪਾਸਿਆਂ ਦੇ ਦੰਗਾਕਾਰੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੰਦੀ ਛੋੜ ਦਿਵਸ 'ਤੇ ਸਿੱਖ ਪੰਥ ਦੇ ਨਾਮ ਸੰਦੇਸ਼ ਯਸ਼ਪਾਲ ਜਗਾਨਿਆ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਸ਼ਹਿਰ ਦੇ ਪਾਣੀਗੇਟ ਇਲਾਕੇ ਵਿੱਚ ਮੁਸਲਿਮ ਮੈਡੀਕਲ ਸੈਂਟਰ ਵਿੱਚ ਪਥਰਾਅ ਦੀ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚਸ਼ਮਦੀਦਾਂ ਦੇ ਬਿਆਨ ਲਏ ਜਾ ਰਹੇ ਹਨ। ਇਸ ਤੋਂ ਪਹਿਲਾਂ ਇਸ ਮਹੀਨੇ ਦੀ 3 ਤਰੀਕ ਨੂੰ ਵੀ ਵਡੋਦਰਾ ਵਿੱਚ ਫਿਰਕੂ ਦੰਗੇ ਭੜਕ ਗਏ ਸਨ। ਇਹ ਹੰਗਾਮਾ ਸ਼ਹਿਰ ਦੇ ਸਾਵਲੀ ਟਾਊਨ ਦੀ ਸਬਜ਼ੀ ਮੰਡੀ ਵਿੱਚ ਵਾਪਰਿਆ ਸੀ। ਇਕ ਮੰਦਰ ਨੇੜੇ ਬਿਜਲੀ ਦੇ ਖੰਭੇ 'ਤੇ ਦੂਜੇ ਧਰਮ ਦਾ ਝੰਡਾ ਲਗਾਉਣ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ। ਇਹ ਰਿਪੋਰਟ ਏ.ਐਨ.ਆਈ ਨਿਊਜ਼ ਸਰਵਿਸ ਤੋਂ ਸਵੈ-ਤਿਆਰ ਕੀਤੀ ਗਈ ਹੈ। ਪੀਟੀਸੀ ਨਿਊਜ਼ ਇਸਦੀ ਸਮੱਗਰੀ ਲਈ ਕੋਈ ਜ਼ਿੰਮੇਵਾਰੀ ਨਹੀਂ ਰੱਖਦਾ ਹੈ। -PTC News

Related Post