ਰਾਸ਼ਟਰਮੰਡਲ ਖੇਡਾਂ 2022: ਚਾਂਦੀ ਤਗਮਾ ਜੇਤੂ ਸੰਕੇਤ ਮਹਾਦੇਵ ਸਰਗਰ ਬਾਰੇ ਜਾਣੇ ਅਣਜਾਣੇ ਤੱਥ

By  Jasmeet Singh July 30th 2022 05:09 PM

ਨਵੀਂ ਦਿੱਲੀ, 30 ਜੁਲਾਈ: ਸੰਕੇਤ ਮਹਾਦੇਵ ਸਰਗਰ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ ਹੈ। ਮਹਾਰਾਸ਼ਟਰ ਦੇ ਸਾਂਗਲੀ ਦੇ ਰਹਿਣ ਵਾਲੇ 21 ਸਾਲਾ ਵੇਟਲਿਫਟਰ ਨੇ 55 ਕਿਲੋ ਭਾਰ ਵਰਗ ਵਿੱਚ ਇਤਿਹਾਸ ਰਚ ਦਿੱਤਾ। ਕਲੀਨ ਐਂਡ ਜਰਕ ਦੇ ਦੂਜੇ ਦੌਰ 'ਚ ਜ਼ਖਮੀ ਹੋਣ ਦੇ ਬਾਵਜੂਦ ਸਰਗਰ ਨੇ ਸੋਨ ਤਗਮਾ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ ਵਰਗ ਵਿਚ ਭਾਰਤ ਲਈ ਆਖਰੀ ਵਾਰ ਸੋਨ ਤਗਮਾ ਸਤੀਸ਼ ਸ਼ਿਵਲਿੰਗਮ ਅਤੇ ਰੰਗਲਾ ਵੈਂਕਟ ਰਾਹੁਲ ਨੇ ਜਿੱਤਿਆ ਸੀ। ਹਾਲਾਂਕਿ ਸੰਕੇਤ ਉਸ ਸਿਲਸਿਲੇ ਨੂੰ ਜਾਰੀ ਨਹੀਂ ਰੱਖ ਸਕੇ। ਸੰਕੇਤ ਸਰਗਰ ਨੂੰ ਪਿਛਲੇ ਸਾਲ ਅਕਤੂਬਰ ਵਿੱਚ NIS ਪਟਿਆਲਾ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਸੀ। ਉਹ ਸ਼ਿਵਾਜੀ ਯੂਨੀਵਰਸਿਟੀ, ਕੋਲਹਾਪੁਰ ਵਿੱਚ ਇਤਿਹਾਸ ਦੇ ਵਿਦਿਆਰਥੀ ਹਨ। ਸੰਕੇਤ ਨੇ ਖੇਲੋ ਇੰਡੀਆ ਯੂਥ ਖੇਡਾਂ 2020 ਅਤੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2020 ਵਿੱਚ ਸੋਨ ਤਗਮੇ ਜਿੱਤੇ ਹਨ। ਸੰਕੇਤ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਪਿਤਾ ਦੀ ਪਾਨ ਦੀ ਦੁਕਾਨ ਅਤੇ ਭੋਜਨ ਦੀ ਦੁਕਾਨ ਵਿੱਚ ਮਦਦ ਕਰਦੇ ਹਨ। ਉਹ ਹੁਣ ਆਪਣੇ ਪਿਤਾ ਨੂੰ ਆਰਾਮ ਕਰਦਿਆਂ ਦੇਖਣਾ ਚਾਹੁੰਦੇ ਹਨ। ਸੰਕੇਤ ਨੇ ਇਸ ਸਾਲ ਫਰਵਰੀ ਵਿੱਚ ਸਿੰਘਾਪੁਰ ਵੇਟਲਿਫਟਿੰਗ ਇੰਟਰਨੈਸ਼ਨਲ ਵਿੱਚ 256 ਕਿਲੋ (ਸਨੈਚ ਵਿੱਚ 113 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 143 ਕਿਲੋ) ਭਾਰ ਚੁੱਕ ਕੇ ਰਾਸ਼ਟਰਮੰਡਲ ਅਤੇ ਰਾਸ਼ਟਰੀ ਰਿਕਾਰਡ ਤੋੜਿਆ ਸੀ। ਸੰਕੇਤ ਨੇ ਹਾਲ ਹੀ 'ਚ ਇੱਕ ਬਿਆਨ 'ਚ ਕਿਹਾ ਸੀ ਕਿ, ''ਜੇਕਰ ਮੈਂ ਸੋਨ ਤਗਮਾ ਜਿੱਤਦਾ ਹਾਂ ਤਾਂ ਮੈਂ ਆਪਣੇ ਪਿਤਾ ਦੀ ਮਦਦ ਕਰਾਂਗਾ। ਉਨ੍ਹਾਂ ਨੇ ਮੇਰੇ ਲਈ ਬਹੁਤ ਦਰਦ ਸਹਿਆ ਹੈ, ਹੁਣ ਮੈਂ ਉਨ੍ਹਾਂ ਨੂੰ ਖੁਸ਼ੀ ਦੇਣਾ ਚਾਹੁੰਦਾ ਹਾਂ।” ਸੰਕੇਤ ਹੁਣ ਪੈਰਿਸ ਓਲੰਪਿਕ ਵਿੱਚ ਸੋਨ ਤਗਮਾ ਜਿੱਤਣਾ ਚਾਹੁੰਦਾ ਹੈ। -PTC News

Related Post