ਅੰਮ੍ਰਿਤਸਰ ਪੁਲਿਸ ਦੀ ਸ਼ਲਾਘਾਯੋਗ ਕਾਰਵਾਈ, ਪਿਛਲੇ 24 ਘੰਟਿਆਂ ਦੇ ਦੌਰਾਨ ਤਿੰਨ ਕਤਲ ਕੇਸ ਸੁਲਝਾਏ

By  Jasmeet Singh September 6th 2022 06:01 PM -- Updated: September 6th 2022 06:03 PM

ਮਨਿੰਦਰ ਸਿੰਘ ਮੋਂਗਾ, (ਅੰਮ੍ਰਿਤਸਰ, 6 ਸਤੰਬਰ): ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ 24 ਘੰਟਿਆਂ ਦੇ ਦੌਰਾਨ ਤਿੰਨ ਕਤਲ ਕੇਸਾਂ ਨੂੰ ਹਲ ਕਰ ਲਿਆ ਹੈ। ਕੱਲ੍ਹ ਰਾਤ ਇੱਕ ਰਿਕਸ਼ਾ ਚਾਲਕ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਇਕ ਇਨੋਵਾ ਕਾਰ ਇਕ ਐਕਟਿਵਾ ਸਕੂਟਰੀ ਤੇ 6 ਚੋਰੀ ਦੇ ਮੋਟਰਸਾਈਕਲ ਅਤੇ ਦੋ ਮੋਬਾਇਲ ਫੋਨ ਸਣੇ 73 ਗ੍ਰਾਮ ਹੀਰੋਇਨ ਅਤੇ 500 ਗ੍ਰਾਮ ਅਫ਼ੀਮ ਵੀ ਬਰਾਮਦ ਹੋਈ ਹੈ। ਦੱਸ ਦੇਈਏ ਕਿ ਵੱਖ ਵੱਖ ਕੇਸਾਂ ਦੇ ਵਿਚ ਕੁੱਲ 20 ਦੇ ਕਰੀਬ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ 'ਤੇ ਸੱਟਾ ਲਾਉਣ ਵਾਲੇ ਦੋ ਵਿਅਕਤੀਆਂ ਨੂੰ ਵੀ ਕਾਬੂ ਕਰਕੇ ਉਨ੍ਹਾਂ ਕੋਲੋਂ 1,53,106 ਰੁਪਏ ਬਰਾਮਦ ਕੀਤੇ ਗਏ ਹਨ। ਅੰਮ੍ਰਿਤਸਰ ਪੁਲਿਸ ਨੂੰ ਇਹ ਕਾਮਯਾਬੀ ਉਦੋਂ ਮਿਲੀ ਜਦੋਂ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਹਿੰਸਾ ਦੇ ਖ਼ਿਲਾਫ਼ ਮੁਹਿੰਮ ਦੇ ਤਹਿਤ ਪਿਛਲੇ ਦਿਨੀਂ ਹੋਏ ਕਤਲ ਦੀਆਂ ਵਾਰਦਾਤਾਂ ਤੇ ਹੋਰ ਲੁੱਟਾਂ ਖੋਹਾਂ ਦੇ ਮਾਮਲੇ ਪੁਲਿਸ ਵੱਲੋਂ ਹੱਲ ਕੀਤੇ ਗਏ। ਇਸ ਸਬੰਧੀ ਡਿਟੈਕਟਿਵ ਏਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਥਾਣਾ ਕੰਬੋਅ ਦੇ ਕੋਲੋਂ ਇਕ ਇਨੋਵਾ ਗੱਡੀ ਦੇ ਵਿਚੋਂ ਇਕ ਲਾਸ਼ ਮਿਲੀ ਸੀ, ਉਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਗੁਰਜੀਤ ਸਿੰਘ ਉਰਫ ਸੋਨੂੰ ਨਾਂ ਦਾ ਲੜਕਾ ਜੋ ਕਿ ਸੱਭਿਆਚਾਰਕ ਕੰਮ ਕਰਦਾ ਸੀ, ਮਕਬੂਲਪੁਰਾ ਨੇੜੇ ਵੱਲਾ ਮੰਡੀ ਫਾਟਕ ਕੋਲ ਕੰਮ ਦੇ ਸਿਲਸਿਲੇ ਵਿੱਚ ਆਇਆ ਸੀ। ਜਿਸਨੂੰ ਅਗਲੇ ਦਿਨ ਇਨੋਵਾ ਗੱਡੀ ਵਿਚ ਬੇਹੋਸ਼ੀ ਦੀ ਹਾਲਤ ਵਿੱਚ ਰਾਮ ਤੀਰਥ ਰੋਡ ਦੇ ਨਜ਼ਦੀਕ ਪਾਇਆ ਗਿਆ। ਜਦੋਂ ਮੌਕੇ 'ਤੇ ਪੁਲਿਸ ਪੁੱਜੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਜਿਸ ਨੂੰ ਲੈ ਕੇ ਥਾਣਾ ਮਕਬੂਲਪੁਰਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜਿਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉੱਥੇ ਹੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਸੀ-ਡਵੀਜ਼ਨ ਵਿਚ ਇਕ ਮੋਟਰਸਾਈਕਲ ਰਿਪੇਅਰ ਮਕੈਨਿਕ ਦਾ ਕੂੜੇ ਨੂੰ ਲੈ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਕੇਸ ਵੀ ਗ੍ਰਿਫ਼ਤਾਰੀਆਂ ਹੋਈਆਂ ਨੇ ਅਤੇ ਇਸ ਸਿਲਸਿਲੇ ਵਿਚ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉੱਥੇ ਹੀ ਕੱਲ ਰਾਤ ਇਕ ਈ-ਰਿਕਸ਼ਾ ਚਾਲਕ ਨੂੰ ਗੋਲੀ ਮਾਰਨ ਵਾਲੇ ਮੁਲਜ਼ਮ ਨੂੰ ਵੀ ਥਾਣਾ ਡੀ-ਡਵੀਜ਼ਨ ਦੀ ਪੁਲਿਸ ਨੇ ਦੋ ਘੰਟਿਆਂ ਵਿੱਚ ਹੀ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਦੇ ਕੋਲੋਂ ਉਹ ਪਿਸਤੌਲ ਵੀ ਹਾਸਿਲ ਕਰ ਲਈ ਹੈ ਜਿਸ 'ਚੋਂ ਗੋਲੀ ਚਲਾਈ ਗਈ ਸੀ। ਹੁਣ ਪੁਲਿਸ ਵੱਲੋਂ ਉਸ ਦਾ ਲਾਇਸੰਸ ਕੈਂਸਲ ਕਰਵਾਉਣ ਦੀ ਪ੍ਰਕਿਰਿਆ ਵਿੱਢੀ ਗਈ ਹੈ। ਏ.ਡੀ.ਸੀ.ਪੀ. ਡਿਟੈਕਟਿਵ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸੁਲਤਾਨਵਿੰਡ ਵਿਚ ਵੀ ਇਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ ਜਿਸ ਵਿਚ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਤੇਜ਼ਧਾਰ ਹੱਥਿਆਰ ਵੀ ਕਾਬੂ ਕਰ ਲਏ ਗਏ ਹਨ। -PTC News

Related Post