ਨਵੀਂ ਦਿੱਲੀ, 25 ਅਗਸਤ: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿੱਚ ਦਾਖਲ ਕਰਵਾਇਆ ਗਿਆ ਸੀ, ਨੂੰ 15 ਦਿਨਾਂ ਬਾਅਦ ਹੋਸ਼ ਆ ਗਿਆ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਸ੍ਰੀਵਾਸਤਵ ਦੇ ਨਿੱਜੀ ਸਕੱਤਰ ਗਰਵੀਤ ਨਾਰੰਗ ਨੇ ਦੱਸਿਆ ਕਿ ਰਾਜੂ ਸ਼੍ਰੀਵਾਸਤਵ ਨੂੰ 15 ਦਿਨਾਂ ਬਾਅਦ ਹੋਸ਼ ਆਇਆ ਹੈ। ਦਿੱਲੀ ਦੇ ਏਮਜ਼ ਦੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਉਨ੍ਹਾਂ ਦੇ ਨਿੱਜੀ ਸਕੱਤਰ ਨੇ ਇਹ ਵੀ ਦੱਸਿਆ ਕਿ ਰਾਜੂ ਸ਼੍ਰੀਵਾਸਤਵ ਸਵੇਰੇ 8.10 ਵਜੇ ਹੋਸ਼ 'ਚ ਆਏ ਸਨ। ਉਸ ਸਮੇਂ ਬਾਅਦ ਤੋਂ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਹਾਲਤ ਦੀ ਜਾਂਚ ਜਾਰੀ ਹੈ।
58 ਸਾਲਾ ਸਟੈਂਡ-ਅੱਪ ਕਾਮੇਡੀਅਨ ਨੂੰ ਉਸ ਸਮੇਂ ਦਿਲ ਦਾ ਦੌਰਾ ਪਿਆ ਜਦੋਂ ਉਹ ਦੱਖਣੀ ਦਿੱਲੀ ਦੇ ਇੱਕ ਜਿਮ ਵਿੱਚ ਕਸਰਤ ਕਰ ਰਹੇ ਸਨ। ਦੇਸ਼ ਭਰ ਤੋਂ ਰਾਜੂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ। ਉਨ੍ਹਾਂ ਦੇ ਵੱਡੇ ਭਰਾ ਸੀਪੀ ਸ਼੍ਰੀਵਾਸਤਵ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਵੀ ਰਾਜੂ ਦੀ ਸਿਹਤ ਲਈ ਪੰਜ ਦਿਨਾਂ ਦੀ ਵਿਸ਼ੇਸ਼ ਪੂਜਾ ਕੀਤੀ ਗਈ ਸੀ।
ਡਾਕਟਰਾਂ ਵੱਲੋਂ ਲਗਾਤਾਰ ਉਨ੍ਹਾਂ ਦੇ ਠੀਕ ਹੋਣ ਦਾ ਭਰੋਸਾ ਦਿੱਤਾ ਜਾ ਰਿਹਾ ਪਰ ਉਨ੍ਹਾਂ ਦਾ ਕਹਿਣਾ ਕਿ ਇਸ 'ਚ ਕਾਫ਼ੀ ਸਮਾਂ ਲੱਗ ਸਕਦਾ। ਰਾਜੂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਰਾਜੂ ਅਜੇ ਵੀ ਵੈਂਟੀਲੇਟਰ 'ਤੇ ਹਨ ਅਤੇ ਡਾਕਟਰਾਂ ਵੱਲੋਂ 24 ਘੰਟੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਕਿ ਰਾਜੂ ਨਿਸ਼ਚਿਤ ਤੌਰ 'ਤੇ ਠੀਕ ਹੋ ਜਾਣਗੇ ਪਰ ਇਸ ਵਿੱਚ ਸਮਾਂ ਲੱਗੇਗਾ।
-PTC News