ਮੁੱਖ ਮੰਤਰੀ ਵੱਲੋਂ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ,ਪੰਜਾਬ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਦਿੱਤਾ ਸੱਦਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਜੀ ਦੀ 34ਵੀਂ ਬਰਸੀ ਦੇ ਸਮਾਗਮ ਵਿੱਚ ਭਾਗ ਲੈਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗਦੇ ਪੱਧਰ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਕੋ-ਇਕ ਦੁਰਲੱਭ ਤੇ ਬਹੁਮੁੱਲਾ ਕੁਦਰਤੀ ਸਰੋਤ ਪਾਣੀ ਬਚਾਉਣ ਅਤੇ ਵਾਤਾਵਰਨ ਪ੍ਰਦੂਸ਼ਣ ਦੀ ਰੋਕਥਾਮ ਲਈ ਫੌਰੀ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਜ਼ਮੀਨ ਹੇਠਲੇ ਪਾਣੀ ਦਾ ਸਬੰਧ ਹੈ, ਸੂਬੇ ਦੇ ਲਗਪਗ ਸਾਰੇ ਬਲਾਕ ‘ਡਾਰਕ ਜ਼ੋਨ’ ਵਿੱਚ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਜਾਣ ਕੇ ਬੇਹੱਦ ਦੁੱਖ ਹੋਇਆ ਹੈ ਕਿ ਦੁਬਈ ਤੇ ਹੋਰ ਅਰਬ ਮੁਲਕਾਂ ਵਿੱਚ ਤੇਲ ਕੱਢਣ ਲਈ ਵਰਤੀਆਂ ਜਾਣ ਵਾਲੀਆਂ ਮੋਟਰਾਂ ਦੀ ਹੁਣ ਪੰਜਾਬ ਵਿੱਚ ਧਰਤੀ ਹੇਠੋਂ ਪਾਣੀ ਕੱਢਣ ਲਈ ਵਰਤੋਂ ਹੋ ਰਹੀ ਹੈ।
ਸੰਤ ਅਵਤਾਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਵਾਤਾਵਰਨ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਾਏ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਤ ਅਵਤਾਰ ਸਿੰਘ ਜੀ ਮਹਾਨ ਧਾਰਮਿਕ ਆਗੂ ਤੇ ਸਮਾਜ ਸੁਧਾਰਕ ਸਨ।