ਸੀਐੱਮ ਮਾਨ ਅਤੇ ਪੀਐੱਮ ਮੋਦੀ ਦਰਮਿਆਨ ਇਨ੍ਹਾਂ ਗੱਲਾਂ 'ਤੇ ਹੋਈ ਅਹਿਮ ਚਰਚਾ
ਨਵੀਂ ਦਿੱਲੀ, 24 ਮਾਰਚ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਮਾਨ ਨੇ ਮੀਡੀਆ ਕਰਮੀਆਂ ਨਾਲ ਗੱਲ ਬਾਤ ਕਰਦੇ ਉਨ੍ਹਾਂ ਅਹਿਮ ਮੁੱਦਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ 'ਤੇ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਵਿਚਾਰ ਚਰਚਾ ਕੀਤੀ। ਮਾਨ ਨੇ ਦੱਸਿਆ ਕਿ ਪੰਜਾਬ ਵਿੱਤੀ ਸੰਕਟ 'ਚੋਂ ਲੰਘ ਰਿਹਾ ਜਿੱਥੇ ਪੰਜਾਬ 'ਤੇ 3 ਲੱਖ ਕਰੋੜ ਦੇ ਕਰਜ਼ੇ ਦਾ ਬੋਝ ਵੀ ਹੈ।
ਇਹ ਵੀ ਪੜ੍ਹੋ: ਬੱਸਾਂ 'ਚੋਂ ਧੜੱਲੇ ਨਾਲ ਹੋ ਰਿਹਾ ਤੇਲ ਚੋਰੀ, ਵੀਡੀਓ ਵਾਇਰਲ ਹੋਣ ਪਿੱਛੋਂ ਹੋਈ ਕਾਰਵਾਈ
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸੰਕਟ 'ਚੋਂ ਕੱਢਣ ਲਈ ਉਨ੍ਹਾਂ ਦੀ ਪਾਰਟੀ ਪੁਰ ਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਲਈ ਸੈਂਟਰ ਦੇ ਸਹਿਯੋਗ ਦੀ ਲੋੜ ਹੈ, ਇਸੀ ਨੂੰ ਮੁੱਖ ਰੱਖਦਿਆਂ ਮਾਨ ਨੇ ਪ੍ਰਧਾਨ ਮੰਤਰੀ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਪੰਜਾਬ ਨੂੰ 50,000 ਕਰੋੜ ਦਾ ਦੋ ਸਾਲ ਲਈ ਸਾਲਾਨਾ ਪੈਕਜ ਦਿੱਤਾ ਜਾਵੇ ਤਾਂ ਜੋ ਪੰਜਾਬ ਨੂੰ ਇਸ ਵਿੱਤੀ ਸੰਕਟ ਵਿਚੋਂ ਕੱਢਿਆ ਜਾ ਸਕੇ।
ਮਾਨ ਨੇ ਦਸਿਆ ਕਿ ਜਿੱਥੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਦੀ ਗੱਲ ਸਾਹਮਣੇ ਰੱਖੀ ਉਥੇ ਹੀ ਉਨ੍ਹਾਂ ਵੱਲੋਂ ਵੀ ਪੰਜਾਬ ਦੇ ਵਿਕਾਸ ਅਤੇ ਇਸ ਨਾਲ ਜੁੜਦਿਆਂ ਦੇਸ਼ ਦੇ ਵਿਕਾਸ ਦੀ ਚਰਚਾ 'ਤੇ ਸਹਿਮਤੀ ਪ੍ਰਗਟਾਈ ਗਈ। ਦੱਸਣਯੋਗ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਮਗਰੋਂ ਇਹ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਮੀਟਿੰਗ ਸੀ। ਜਿਸ ਵਿਚ ਮੁੱਖ ਮੰਤਰੀ ਵੱਲੋਂ ਵਿੱਤੀ ਸਹਾਇਤਾ ਦੇ ਨਾਲ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਸੀਸੀਐਲ ਤੇ ਬਕਾਇਆ ਆਰਡੀਐੱਫ ਦੇ ਮੁੱਦੇ 'ਤੇ ਵੀ ਵਿਚਾਰ ਚਰਚਾ ਹੋਈ।
ਇਹ ਵੀ ਪੜ੍ਹੋ: ਜਾਅਲੀ ਆਧਾਰ ਕਾਰਡ ਤੇ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਦੋ ਨੌਜਵਾਨ ਗ੍ਰਿਫ਼ਤਾਰ