CM ਭਗਵੰਤ ਮਾਨ ਵੱਲੋਂ ਕਿਸਾਨਾਂ ਲਈ 32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਦਾ ਐਲਾਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਨੁਕਸਾਨੀਆਂ ਫਸਲਾਂ ਲਈ ਕਿਸਾਨਾਂ ਨੂੰ 32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਸਾਲ 2020 ਵਿੱਚ ਫਾਜ਼ਿਲਕਾਂ ਜ਼ਿਲ੍ਹੇ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ। ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਮੁਆਵਾਜ਼ਾ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਲਾਰਿਆ ਨਾਲ ਹੀ ਕੰਮ ਸਾਰ ਦਿੱਤਾ। ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਇਕਾਂ ਨੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਦਾ ਕਹਿਣਾ ਹੈ ਕਿ ਜਲਾਲਾਬਾਦ, ਫਾਜ਼ਿਲਕਾ ਅਤੇ ਬੱਲੂਆਣਾ ਹਲਕਾ ਦੇ ਲੋਕਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਵੱਲੋਂ ਮੁਆਵਜ਼ਾ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 32 ਕਰੋੜ ਵਿਚੋਂ ਸਭ ਤੋ ਜਿਆਦਾ ਰੁਪਇਆ ਬੱਲੂਆਣਾ ਤੋਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਅਬੋਹਰ ਦੇ ਪਿੰਡਾਂ ਵਿੱਚ 2 ਸਾਲ ਪਹਿਲਾਂ ਹੋਈ ਗੜੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਕਣਕ ਦੀ ਫਸਲ, ਸਰੋਂ ਦੀ ਫਸਲ ,ਕਿੰਨੂ ਦੇ ਬਾਗ ਆਦਿ ਫਸਲਾਂ 'ਤੇ ਗੜੇਮਾਰੀ ਨਾਲ ਭਾਰੀ ਨੁਕਸਾਨ ਹੋਣ ਕਾਰਨ ਕਿਸਾਨ ਨਿਰਾਸ਼ ਵਿਖਾਈ ਦੇ ਰਹੇ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਕਿੰਨੂ ਦੇ ਬਾਗ ਨੂੰ ਬੂਰ ਪਿਆ ਹੀ ਸੀ ਉਦੋਂ ਹੀ ਗੜੇਮਾਰੀ ਹੋ ਗਈ ਅਤੇ ਬੂਰ ਝੜ ਗਿਆ। ਇਹ ਵੀ ਪੜ੍ਹੋ;ਪੰਜਾਬ ਫਿਲਮ ਅਤੇ ਮਨੋਰੰਜਨ ਸਿਟੀ ਸਥਾਪਤ ਕਰੇਗਾ: ਅਮਨ ਅਰੋੜਾ -PTC News