ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਸਿਲਵਰ ਮੈਡਲ ਜਿੱਤੇ ਲੁਧਿਆਣੇ ਦੇ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਵਿਕਾਸ ਠਾਕੁਰ ਨੇ ਬਰਮਿੰਘਮ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਵੇਟ ਲਿਫਟਿੰਗ ‘ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਪੰਜਾਬ ਸਰਕਾਰ ਦੀ ਖੇਡ ਨੀਤੀ ਅਨੁਸਾਰ ਵਿਕਾਸ ਨੂੰ 50 ਲੱਖ ਇਨਾਮ ਵਜੋਂ ਦਿੱਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੇ ਖਿਡਾਰੀਆਂ ਦੀ ਹੌਂਸਲਾ-ਅਫ਼ਜਾਈ ਤੇ ਸੰਭਵ ਮਦਦ ਕਰਨ ਲਈ ਮੇਰੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਭਾਰਤੀ ਵੇਟਲਿਫਟਰ ਵਿਕਾਸ ਠਾਕੁਰ ਨੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੁਰਸ਼ਾਂ ਦੇ 96 ਕਿਲੋ ਫਾਈਨਲ ਵਿੱਚ 346 ਕਿਲੋ ਦੇ ਲਿਫਟ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਆਪਣੀ ਜਿੱਤ ਤੋਂ ਬਾਅਦ ਠਾਕੁਰ ਨੇ ਸਿੱਧੂ ਮੂਸੇਵਾਲੇ ਦੇ ਸਟਾਈਲ 'ਚ ਤਗਮੇ ਦੀ ਜਿੱਤ ਦਾ ਜਸ਼ਨ ਮਨਾਇਆ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਾਸ ਠਾਕੁਰ ਨੂੰ ਪੰਜਾਬ ਦਾ ਨਾਮ ਰੌਸ਼ਨ ਕਰ 'ਤੇ ਵਧਾਈ ਦਿੱਤੀ।
ਵਿਕਾਸ ਠਾਕੁਰ ਨੂੰ ਇਸ ਜਿੱਤ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, "ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਤਮਗਾ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ…96 ਕਿਲੋ ਵੇਟ ਲਿਫਟਿੰਗ ਦੇ ਮੁਕਾਬਲੇ ‘ਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346kg ਭਾਰ ਚੁੱਕਦੇ ਹੋਏ ਚਾਂਦੀ ਦਾ ਤਮਗਾ ਜਿੱਤਿਆ…ਬਹੁਤ-ਬਹੁਤ ਵਧਾਈਆਂ…ਮਿਹਨਤ ਜਾਰੀ ਰੱਖੋ…ਭਵਿੱਖ ਲਈ ਸ਼ੁਭਕਾਮਨਾਵਾਂ…ਸ਼ਾਬਾਸ਼।..........ਚੱਕਦੇ ਇੰਡੀਆ…!"
ਇਸ ਤੋਂ ਪਹਿਲਾਂ ਖੇਡਾਂ ਦੇ ਚੌਥੇ ਦਿਨ ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋ ਫਾਈਨਲ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। ਜਦੋਂ ਕਿ ਤੀਜੇ ਦਿਨ ਭਾਰਤੀ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਪੁਰਸ਼ਾਂ ਦੇ 67 ਕਿਲੋ ਵੇਟਲਿਫਟਿੰਗ ਈਵੈਂਟ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਨਾਲ ਸੋਨ ਤਗਮਾ ਜਿੱਤਿਆ। ਜਦੋਂ ਕਿ ਅਚਿੰਤਾ ਸ਼ੇਉਲੀ ਨੇ 73 ਕਿਲੋ ਦੇ ਮੁਕਾਬਲੇ ਵਿੱਚ ਭਾਰਤ ਲਈ ਤੀਸਰੇ ਦਿਨ ਸੋਨਾ ਜਿੱਤਿਆ।
-PTC News