ਫਰੀਦਕੋਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਬਾਬਾ ਫਰੀਦ ਦੇ ਆਗਮਨ ਪੁਰਬ ਦੇ ਦੂਜੇ ਦਿਨ ਫਰੀਦ ਟਿੱਲਾ ਪਹੁੰਚ ਕੇ ਮੱਥਾ ਟੇਕਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਕਾਮਨਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਬਾਬਾ ਫਰੀਦ ਗੁਰਦੁਆਰਾ ਸਾਹਿਬ ਵਿਖੇ ਵੀ ਨਤਮਸਤਕ ਹੋਏ। ਦੱਸ ਦੇਈਏ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਪਹਿਲੀ ਵਾਰ ਫਰੀਦਕੋਟ ਪਹੁੰਚੇ ਹਨ। ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਪਹਿਲੀ ਰੈਲੀ ਇੱਥੇ ਹੋਣ ਜਾ ਰਹੀ ਹੈ, ਜਿਸ ਲਈ ਪੁਲਿਸ-ਪ੍ਰਸ਼ਾਸਨ ਤੇ ਪਾਰਟੀ ਆਗੂਆਂ ਵੱਲੋਂ ਥੋੜ੍ਹੇ ਸਮੇਂ 'ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
53ਵਾਂ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਰਾਫਟ ਮੇਲੇ ਦਾ ਜਾਇਜ਼ਾ ਲੈਣ ਲਈ ਫਰੀਦਕੋਟ ਪਹੁੰਚੇ ਜਿਥੇ ਸਾਬਕਾ ਸੈਨਿਕਾਂ ਅਤੇ ਕੱਚੇ ਮੁਲਾਜਮਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਕਾਲੀਆਂ ਝੰਡੀਆਂ ਲਹਿਰਾਉਂਦੇ ਹੋਏ ਸਮਾਗਮ ਗਰਾਉਂਡ ਨੇੜੇ ਪਹੁੰਚ ਮੁੱਖ ਮੰਤਰੀ ਮੁਰਦਾਬਾਦ ਦੇ ਨਾਅਰੇ ਲਗਾਏ। ਸਾਬਕਾ ਸੈਨਿਕ ਅਤੇ ਕੱਚੇ ਮੁਲਾਜਮ ਆਪਣੀਆਂ ਮੰਗਾਂ ਨੂੰ ਲੈ ਕੇ ਮੁਖ ਮੰਤਰੀ ਨੂੰ ਮਿਲਣਾ ਚਹੁੰਦੇ ਸਨ ਜਿੰਨਾ ਨੂੰ ਪਹਿਲਾਂ ਪ੍ਰਸ਼ਾਸ਼ਨ ਨੇ ਮੀਟਿੰਗ ਕਰਵਾਉਣ ਦਾ ਬਹਾਨਾ ਲਗਾਈ ਰੱਖਿਆ ਪਰ ਜਦ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਨਾ ਕਰਵਾਈ ਗਈ ਤਾਂ ਉਨ੍ਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰ ਰੋਸ਼ ਪ੍ਰਗਟਾਇਆ ਗਿਆ।