ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਈਡੀ ਨੇ ਗੈਰ ਕਾਨੂੰਨੀ ਮਾਇਨਿੰਗ ਦੇ ਕੇਸ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਇਸ ਬਾਰੇ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਚਰਨਜੀਤ ਸਿੰਘ ਨੇ ਟਵੀਟ ਵਿੱਚ ਲਿਖਿਆ ਹੈ ਕਿ ਮੈਨੂੰ ਈਡੀ ਨੇ ਕੱਲ੍ਹ ਮਾਈਨਿੰਗ ਮਾਮਲੇ ਵਿੱਚ ਸੰਮਨ ਭੇਜਿਆ ਸੀ। ਮੈਂ ਹਾਜ਼ਰੀ ਭਰੀ ਅਤੇ ਉਹਨਾਂ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਆਪਣੀ ਜਾਣਕਾਰੀ ਅਨੁਸਾਰ ਦਿੱਤੇ। ਇਸ ਮਾਮਲੇ ਵਿੱਚ ਇੱਕ ਚਲਾਨ ਈਡੀ ਵੱਲੋਂ ਪਹਿਲਾਂ ਹੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ।ਅਧਿਕਾਰੀਆਂ ਨੇ ਮੈਨੂੰ ਦੁਬਾਰਾ ਆਉਣ ਲਈ ਨਹੀਂ ਕਿਹਾ ਹੈ।
ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਸ਼ਕਿਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਈਡੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਸੀ। ਇਸ ਤੋਂ ਬਾਅਦ ਚੰਨੀ ਈਡੀ ਦੇ ਦਫ਼ਤਰ ਵਿੱਚ ਗਏ ਸਨ।
ਦੱਸ ਦੇਈਏ ਕਿ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੋਂ ਈਡੀ ਦੀ ਟੀਮ ਨੇ 10 ਕਰੋੜ ਰੁਪਏ ਅਤੇ ਕੁਝ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਸੀ।
ਜਲੰਧਰ ਸਥਿਤ ਈਡੀ ਦੀ ਵਿਸ਼ੇਸ਼ ਅਦਾਲਤ ’ਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਹਨੀ ਨੂੰ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ। ਹਨੀ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਰਿਸ਼ਤੇਦਾਰ ਚੰਨੀ ਦੇ ਇਸ਼ਾਰੇ ’ਤੇ ਨਾਜਾਇਜ਼ ਮਾਈਨਿੰਗ ਕਰਵਾ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਬਦਲੇ ’ਚ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ:ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਸਥਿਤ ਇਤਿਹਾਸਕ ਬੇਰੀਆਂ ਨੂੰ ਲੱਗਿਆ ਭਰਪੂਰ ਫਲ
-PTC News