ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਤੇ ਏਡਿਡ ਸਕੂਲਾਂ ਦੇ ਸਮੇਂ ਵਿੱਚ ਭਲਕੇ ਤੋਂ ਤਬਦੀਲੀ

By  Jasmeet Singh September 30th 2022 09:22 PM -- Updated: September 30th 2022 09:25 PM

ਚੰਡੀਗੜ੍ਹ, 30 ਸਤੰਬਰ: ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਇਕ ਵਾਰ ਫਿਰ ਬਦਲਣ ਜਾ ਰਿਹਾ ਹੈ। ਸਿੱਖਿਆ ਵਿਭਾਗ ਨੇ ਮੌਸਮ 'ਚ ਆਈ ਤਬਦੀਲੀ ਕਾਰਨ ਕੱਲ੍ਹ ਯਾਨੀ 1 ਅਕਤੂਬਰ ਤੋਂ 31 ਅਕਤੂਬਰ ਤਕ ਸਾਰੇ ਪ੍ਰਾਇਮਰੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ ਸਾਢੇ 8 ਵਜੇ (8.30 AM) ਕਰ ਦਿੱਤਾ ਹੈ ਜਦਕਿ ਛੁੱਟੀ ਢਾਈ ਵਜੇ (2.30 PM) ਹੋਇਆ ਕਰੇਗੀ। ਇਸ ਤੋਂ ਇਲਾਵਾ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਵੀ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ ਸਾਢੇ 8 ਵਜੇ (8.30 AM) ਖੁੱਲ੍ਹਿਆ ਕਰਨਗੇ ਜਦਕਿ 2.50 ਵਜੇ (2.50 PM) ਛੁੱਟੀ ਹੋਇਆ ਕਰੇਗੀ। ਇਕ ਨਵੰਬਰ ਤੋਂ 28 ਫਰਵਰੀ ਤਕ ਟਾਈਮਿੰਗ ਵੱਖਰੀ ਰਹੇਗੀ। ਇਕ ਨਵੰਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰੇ 3 ਵਜੇ ਤਕ ਲੱਗਣਗੇ ਜਦਕਿ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ 9 ਵਜੇ ਤੋਂ ਦੁਪਹਿਰੇ 3.20 ਤਕ ਲੱਗਣਗੇ। ਇਹ ਵੀ ਪੜ੍ਹੋ: ਪੰਜਾਬ ਦੇ ਨਿੱਜੀ ਸਕੂਲ 'ਚ ਲੁਹਾਏ ਗਏ ਸਿੱਖ ਵਿਦਿਆਰਥੀਆਂ ਦੇ ਕੜੇ, ਪੁਲਿਸ ਦੀ ਦਖ਼ਲਅੰਦਾਜ਼ੀ ਮਗਰੋਂ ਸੁਲਝਿਆ ਮਸਲਾ ਇਸੇ ਤਰ੍ਹਾਂ 1 ਮਾਰਚ ਤੋਂ 31 ਮਾਰਚ ਤੱਕ ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ ਦੁਪਹਿਰੇ 2.30 ਵਜੇ ਤੱਕ ਜਦਕਿ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਤੋਂ ਦੁਪਹਿਰੇ 2.50 ਵਜੇ ਤਕ ਲੱਗਣਗੇ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News

Related Post