'ਆਪ' ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਮਾਮਲੇ ਦੀ ਹੋਵੇ ਸੀਬੀਆਈ ਤੇ ਈਡੀ ਜਾਂਚ : ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਭਾਜਪਾ 'ਤੇ ਇਸਦੇ 10 ਵਿਧਾਇਕਾਂ ਨੂੰ 25, 25 ਕਰੋੜ ਰੁਪਏ ਦੀ ਪੇਸ਼ਕਸ਼ ਕਰਕੇ ਖਰੀਦੋ ਫਰੋਖ਼ਤ ਕਰਨ ਦੇ ਲਾਏ ਦੋਸ਼ਾਂ ਦੀ ਸੀ ਬੀ ਆਈ ਅਤੇ ਈ ਡੀ ਜਾਂਚ ਹੋਣੀ ਚਾਹੀਦੀ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜਿਹਾ ਬਹੁਤ ਲਾਜ਼ਮੀ ਹੈ ਕਿਉਂਕਿ ਆਪ ਸਰਕਾਰ ਨੇ ਨਾ ਤਾਂ ਇਸ ਕੇਸ ਸਬੰਧੀ ਦਰਜ ਹੋਈ ਐਫ ਆਈ ਆਰ ਹੀ 24 ਘੰਟੇ ਲੰਘਣ ਮਗਰੋਂ ਜਨਤਕ ਕੀਤੀ ਹੈ ਤੇ ਨਾ ਹੀ ਭਾਜਪਾ ਦੇ ਕਿਸੇ ਆਗੂ ਜਾਂ ਕਿਸੇ ਵਿਚੋਲੇ ਖਿਲਾਫ ਕੋਈ ਕਾਰਵਾਈ ਹੋਈ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਕਦੇ ਵੀ ਇਸ ਪੱਧਰ ’ਤੇ ਰਿਸ਼ਵਤਖੋਰੀ ਦੇ ਦੋਸ਼ ਨਹੀਂ ਲੱਗੇ ਅਤੇ ਮਾਮਲੇ ਵਿਚ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਇਸ ਲਈ ਇਹ ਕੇਸ ਕੇਂਦਰੀ ਏਜੰਸੀਆਂ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਮਾਮਲੇ ’ਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।
ਮਜੀਠੀਆ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਦਾ ਨਾਂ ਵੀ ਆਪ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਲਈ ਯਤਨਾਂ ਵਿਚ ਆ ਰਿਹਾ ਹੈ ਤਾਂ ਇਸ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਗੱਲ ਸਿਰਫ ਕਿਸੇ ਇਕ ਪਾਰਟੀ ਦੀ ਨਹੀਂ ਹੈ ਬਲਕਿ ਇਹ ਲੋਕਤੰਤਰ ਅਤੇ ਇਸਦੀ ਬੁਨਿਆਦ ਨੂੰ ਦਰਪੇਸ਼ ਚੁਣੌਤੀ ਦੀ ਗੱਲ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਵੱਲੋਂ ਇਸ ਮਾਮਲੇ ’ਤੇ ਭਲਕੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗਾ ਤਾਂ ਜੋ ਸਾਰੇ ਕੇਸ ਦੀ ਡੂੰਘਾਈ ਨਾਲ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਤੇ ਉਹਨਾਂ ਦੇ ਸੱਚ ਜਾਨਣ ਦੇ ਹੱਕ ਅਨੁਸਾਰ ਜਾਂਚ ਹੋਵੇ।
ਅਕਾਲੀ ਆਗੂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸਮੁੱਚੇ ਰਿਸ਼ਵਤਖੋਰੀ ਮਾਮਲੇ ਵਿਚ ਕਈ ਤਰ੍ਹਾਂ ਦੇ ਪਹਿਲੂ ਸਾਹਮਣੇ ਆ ਰਹੇ ਹਨ। ਵੱਖ ਵੱਖ ਆਗੂ ਵੱਖ ਵੱਖ ਅੰਕੜੇ ਦੱਸ ਰਹੇ ਹਨ। ਜਿਥੇ ਚੀਮਾ ਦਾ ਕਹਿਣਾ ਹੈ ਕਿ 10 ਵਿਧਾਇਕਾਂ ਕੋਲ ਪਹੁੰਚ ਕੀਤੀ ਗਈ ਤਾਂ ਮੁੱਖ ਮੰਤਰੀ ਨੇ ਇਹ ਗਿਣਤੀ ਛੇ ਜਾਂ ਸੱਤ ਦੱਸੀ ਹੈ ਜਦੋਂ ਕਿ ਮੰਤਰੀ ਅਮਨ ਅਰੋੜਾ ਨੇ ਗਿਣਤੀ 35 ਦੱਸੀ ਹੈ। ਉਹਨਾਂ ਇਹ ਵੀ ਕਿਹਾ ਕਿ ਆਪ ਲੀਡਰਸ਼ਿਪ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਦਾ ਇਲੈਕਟ੍ਰਾਨਿਕ ਸਬੂਤ ਹੈ ਪਰ ਇਹ ਜਨਤਕ ਤੌਰ ’ਤੇ ਸਾਂਝੇ ਨਹੀਂ ਕੀਤੇ ਗਏ।