ਪਟਿਆਲਾ : ਚੌਕਸੀ ਬਿਊਰੋ, ਪਟਿਆਲਾ ਰੇਂਜ ਪਟਿਆਲਾ ਦੇ ਐਸ.ਐਸ.ਪੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ ਨੰਬਰ 'ਤੇ ਆਈ ਇੱਕ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਇਕ ਮਾਲ ਪਟਵਾਰੀ ਸਮੇਤ ਦੋ ਹੋਰ ਵਿਅਕਤੀਆਂ ਵਿਰੁੱਧ ਰਿਸ਼ਵਤਖੋਰੀ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਹੁੰਦਲ ਨੇ ਦੱਸਿਆ ਕਿ ਥਾਣਾ ਵਿਜੀਲੈਸ ਬਿਊਰੋ, ਪਟਿਆਲਾ ਰੇਂਜ ਪਟਿਆਲਾ ਵਿਖੇ ਦਰਜ ਮੁਕੱਦਮਾ ਨੰਬਰ 05 ਮਿਤੀ 26 ਅਪ੍ਰੈਲ 2022 ਪੀ.ਸੀ.ਐਕਟ 1988 ਐਜ ਅਮੈਡਿਡ ਬਾਏ ਪੀ.ਸੀ.(ਅਮੈਂਡਮੈਂਟ) ਐਕਟ 2018 ਦੀਆਂ ਧਾਰਾਵਾਂ 7 ਤੇ 7-ਏ ਤਹਿਤ ਦੀਦਾਰ ਸਿੰਘ ਪਟਵਾਰੀ ਮਾਲ ਹਲਕਾ ਨਾਰੀਕੇ, ਜਿਲ੍ਹਾ ਮਲੇਰਕੋਟਲਾ, ਹਰਵਿੰਦਰ ਸਿੰਘ ਉਰਫ ਬਰਨਾਲਾ (ਪਟਵਾਰੀ ਦੀਦਾਰ ਸਿੰਘ ਦਾ ਚੇਲਾ) ਵਾਸੀ ਗਾਧੀ ਨਗਰ ਨੋਧਰਾਣੀ ਰੋਡ ਨਜ਼ਦੀਕ ਰੇਲਵੇ ਫਾਟਕ ਮਲੇਰਕੋਟਲਾ ਅਤੇ ਤਲਵਿੰਦਰ ਸਿੰਘ ਨੰਬਰਦਾਰ ਵਾਸੀ ਪਿੰਡ ਸਲਾਰ ਜ਼ਿਲ੍ਹਾ ਮਾਲੇਰਕੋਟਲਾ ਨੂੰ ਨਾਮਜ਼ਦ ਕੀਤਾ ਗਿਆ ਹੈ। ਐੇਸਐਸਪੀ ਵਿਜੀਲੈਂਸ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਐਟੀਕਰੱਪਸ਼ਨ ਐਕਸ਼ਨ ਲਾਈਨ ਰਾਹੀ ਪੋਰਟਲ 'ਤੇ ਪ੍ਰਾਪਤ ਹੋਈ ਸ਼ਿਕਾਇਤ ਨੰਬਰ 152067 ਦੀ ਪੜਤਾਲ ਵਿਜੀਲੈਸ ਬਿਊਰੋ, ਯੂਨਿਟ ਸੰਗਰੂਰ ਦੇ ਡੀਐਸਪੀ ਸਤਨਾਮ ਸਿੰਘ ਵੱਲੋਂ ਕੀਤੀ ਗਈ ਸੀ। ਇਸ ਮੁਤਾਬਕ ਸ਼ਿਕਾਇਤਕਰਤਾ ਅਮਰਜੀਤ ਸਿੰਘ ਪੁੱਤਰ ਲੇਟ ਬਚਨ ਸਿੰਘ ਵਾਸੀ ਪਿੰਡ ਸਲਾਰ ਤਹਿਸੀਲ ਅਮਰਗੜ੍ਹ ਦੇ ਪਿਤਾ ਦੀ ਮੌਤ ਹੋਣ 'ਤੇ ਉਸ ਨੇ ਤੇ ਉਸਦੇ ਭਰਾਵਾ ਦੇ ਨਾਮ 'ਤੇ ਰਜਿਸਟਰਡ ਵਸੀਅਤ ਦੇ ਅਧਾਰ 'ਤੇ ਵਿਰਾਸਤ ਇੰਤਕਾਲ ਕਰਵਾਉਣ ਬਾਬਤ ਪਟਵਾਰੀ ਦੀਦਾਰ ਸਿੰਘ ਨੇ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।ਉਸਨੇ ਮਿੰਨਤ ਤਰਲਾ ਕੀਤਾ ਤਾਂ ਪਟਵਾਰੀ ਨੇ ਤਲਵਿੰਦਰ ਸਿੰਘ ਨੰਬਰਦਾਰ ਨਾਲ ਗੱਲ ਕਰਨ ਵਾਸਤੇ ਕਿਹਾ ਅਤੇ ਮੰਗੇ ਗਏ ਪੈਸੇ ਪਟਵਾਰੀ ਦੇ ਸਹਾਇਕ ਹਰਵਿੰਦਰ ਸਿੰਘ ਉਰਫ ਬਰਨਾਲਾ ਨੂੰ ਦੇਣ ਲਈ ਕਿਹਾ। ਐਸ.ਐਸ.ਪੀ. ਹੁੰਦਲ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਕਰਤਾ ਵੱਲੋ ਤਲਵਿੰਦਰ ਸਿੰਘ ਨੰਬਰਦਾਰ ਦੇ ਕਹਿਣ 'ਤੇ ਨੰਬਰਦਾਰ ਦੀ ਹਾਜ਼ਰੀ 'ਚ ਪਟਵਾਰੀ ਦੇ ਸਹਾਇਕ ਹਰਵਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਵਜੋਂ ਦੇ ਦਿੱਤੇ। ਇਸ ਮਾਮਲੇ 'ਚ ਦੀਦਾਰ ਸਿੰਘ ਪਟਵਾਰੀ ਤੇ ਤਲਵਿੰਦਰ ਸਿੰਘ ਨੰਬਰਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂਕਿ ਤੀਸਰੇ ਨਾਮਜ਼ਦ ਵਿਅਕਤੀ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਵਿਰੁੱਧ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੀਐਮ ਮੋਦੀ 12 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ