Fri, Apr 25, 2025
Whatsapp

ਮੁੜ ਹਾਈ ਕੋਰਟ ਪਹੁੰਚਿਆ ਵਕੀਲਾਂ 'ਤੇ NIA ਦੀ ਛਾਪੇਮਾਰੀ ਦਾ ਮਾਮਲਾ

Reported by:  PTC News Desk  Edited by:  Jasmeet Singh -- December 16th 2022 08:17 PM
ਮੁੜ ਹਾਈ ਕੋਰਟ ਪਹੁੰਚਿਆ ਵਕੀਲਾਂ 'ਤੇ NIA ਦੀ ਛਾਪੇਮਾਰੀ ਦਾ ਮਾਮਲਾ

ਮੁੜ ਹਾਈ ਕੋਰਟ ਪਹੁੰਚਿਆ ਵਕੀਲਾਂ 'ਤੇ NIA ਦੀ ਛਾਪੇਮਾਰੀ ਦਾ ਮਾਮਲਾ

ਚੰਡੀਗੜ੍ਹ, 16 ਦਸੰਬਰ: ਕੌਮੀ ਜਾਂਚ ਏਜੰਸੀ (NIA) ਵੱਲੋਂ ਕੁਝ ਹਫਤਿਆਂ ਪਹਿਲੇ ਜਿਹੜਾ ਸੂਬੇ 'ਚ ਵੱਖ ਵੱਖ ਥਾਂਵਾਂ 'ਤੇ ਵਕੀਲਾਂ ਦੇ ਘਰੇ ਤੇ ਦਫ਼ਤਰਾਂ 'ਚ ਛਾਪੇਮਾਰੀ ਕੀਤੀ ਗਈ ਸੀ ਉਸ ਵਿਰੁਧ ਅੱਜ ਮੁੜ ਤੋਂ ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਬਠਿੰਡਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲ ਗੁਰਪ੍ਰੀਤ ਸਿੱਧੂ ਵੱਲੋਂ ਦਾਖਲ ਕੀਤੀ ਗਈ ਹੈ। ਗੁਰਪ੍ਰੀਤ ਸਿੱਧੂ ਦੇ ਘਰ ਵੀ ਜਾਂਚ ਏਜੰਸੀ ਵੱਲੋਂ ਛਾਪਾ ਮਾਰਿਆ ਗਿਆ ਸੀ।  

ਜਿਸ 'ਤੇ ਹਾਈ ਕੋਰਟ ਨੇ ਵੀ ਸਵਾਲ ਉਠਾਏ ਹਨ। ਕੋਰਟ ਦਾ ਕਹਿਣਾ ਕਿ ਵਕੀਲਾਂ ਨੂੰ ਕਾਨੂੰਨ ਦਾ ਸਮਰਥਨ ਹਾਸਲ ਹੈ ਫਿਰ ਇਹ ਜਨਹਿੱਤ ਪਟੀਸ਼ਨ ਕਿਵੇਂ ਹੋਈ? ਹੁਣ ਇਸ ਮੁੱਦੇ 'ਤੇ ਅਗਲੀ ਸੁਣਵਾਈ 20 ਜਨਵਰੀ ਨੂੰ ਹੋਵੇਗੀ। ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਜਦੋਂ ਵੀ ਕਿਸੇ ਵਕੀਲ ਤੋਂ ਪੁੱਛਗਿੱਛ ਕਰਨੀ ਹੋਵੇ ਤਾਂ ਪਹਿਲਾਂ ਉਸ ਨੂੰ ਦੱਸਿਆ ਜਾਣਾ ਚਾਹੀਦਾ ਹੈ।


ਕਾਬਲੇਗੌਰ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਕਿ ਇਸ ਬਾਬਤ ਪਟੀਸ਼ਨ ਦਾਇਰ ਕੀਤੀ ਗਈ ਹੋਵੇ। ਇਸ ਤਰ੍ਹਾਂ ਦੀਆਂ ਪਟੀਸ਼ਨਾਂ ਉਦੋਂ ਤੋਂ ਹੀ ਦਾਖਲ ਕੀਤੀਆਂ ਜਾ ਰਹੀਆਂ ਨੇ ਜਦੋਂ ਤੋਂ NIA ਵੱਲੋਂ ਪੰਜਾਬ ਤੇ ਚੰਡੀਗੜ੍ਹ ਦੇ ਵਕੀਲਾਂ ਦੇ ਘਰਾਂ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਸੀ।

ਇੱਥੇ ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਤੋਂ ਮਹਿਲਾ ਵਕੀਲ ਸ਼ੈਲੀ ਸ਼ਰਮਾ ਦੇ ਘਰ 'ਤੇ ਕੇਂਦਰੀ ਜਾਂਚ ਏਜੰਸੀ ਦੀ ਛਾਪੇਮਾਰੀ ਤੋਂ ਬਾਅਦ ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਬਾਰ ਕੌਸਲ ਦੇ ਮੁਖੀ ਨੇ ਵੀ ਐਨ.ਆਈ.ਏ ਦੇ ਮੁਖੀ ਕੋਲ ਵਿਰੋਧ ਪ੍ਰਦਰਸ਼ਨ ਜਾਹਿਰ ਕੀਤਾ ਸੀ।

ਉਸ ਤੋਂ ਪਹਿਲਾਂ ਵਕੀਲਾਂ ਦੇ ਘਰੇ ਛਾਪੇਮਾਰੀ ਦੇ ਵਿਰੋਧ ਵਿਚ ਕਈ ਦਿਨਾਂ ਤੱਕ ਹਾਈਕੋਰਟ ਦਾ ਕੰਮਕਾਜ ਠੱਪ ਰਿਹਾ ਸੀ। ਜਿਸ ਤੋਂ ਬਾਅਦ ਐਨ.ਆਈ.ਏ ਨੇ ਭਰੋਸਾ ਦਿੱਤਾ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਭ ਕੁਝ ਕਰੇਗੀ। 

ਐਨ.ਆਈ.ਏ ਵੱਲੋਂ 18 ਅਕਤੂਬਰ ਨੂੰ ਸਵੇਰੇ 6.30 ਵਜੇ ਸੈਕਟਰ 27 ਸਥਿਤ ਐਡਵੋਕੇਟ ਡਾ: ਸ਼ੈਲੀ ਸ਼ਰਮਾ ਦੇ ਘਰ ਅਤੇ ਦਫ਼ਤਰ 'ਤੇ ਛਾਪੇਮਾਰੀ ਕੀਤੀ ਗਈ ਸੀ। ਪੰਜਾਬ ਦੇ ਕਈ ਨਾਮੀ ਗੈਂਗਸਟਰਾਂ ਦੇ ਕੇਸਾਂ ਵਿੱਚ ਮਹਿਲਾ ਵਕੀਲ ਵਕਾਲਤ ਕਰ ਰਹੀ ਸੀ। ਐਡਵੋਕੇਟ ਸ਼ੈਲੀ ਸ਼ਰਮਾ ਪੰਜਾਬ ਦੇ A ਸ਼੍ਰੇਣੀ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ ਕਈ ਗੈਂਗਸਟਰਾਂ ਦੀ ਨੁਮਾਇੰਦਗੀ ਕਰ ਰਹੇ ਹਨ।

ਗੈਂਗਸਟਰ-ਅੱਤਵਾਦੀ ਗਠਜੋੜ 'ਤੇ ਕੰਮ ਕਰਦੇ ਹੋਏ ਜਾਂਚ ਏਜੰਸੀ ਨੇ ਦੇਸ਼ ਦੇ ਕਈ ਹਿੱਸਿਆਂ 'ਚ ਛਾਪੇਮਾਰੀ ਕੀਤੀ ਸੀ। ਜਿਸ 'ਚ ਗੁਰੂਗ੍ਰਾਮ, ਬਠਿੰਡਾ, ਦਿੱਲੀ ਅਤੇ ਚੰਡੀਗੜ੍ਹ 'ਚ ਵਕੀਲਾਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਗਈ। ਵਕੀਲਾਂ ਦੇ ਘਰ ਛਾਪੇਮਾਰੀ ਦੇ ਵਿਰੋਧ ਵਿੱਚ ਹਾਈ ਕੋਰਟ ਬਾਰ ਐਸੋਸੀਏਸ਼ਨ ਸਮੇਤ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਕੀਲਾਂ ਨੇ ਵੀ ਕਈ ਦਿਨਾਂ ਤੱਕ ਅਦਾਲਤੀ ਕੰਮਕਾਜ ਠੱਪ ਰੱਖਿਆ ਸੀ।  

- ਰਿਪੋਰਟਰ ਨੇਹਾ ਸ਼ਰਮਾ ਦੇ ਸਹਿਯੋਗ ਨਾਲ

- PTC NEWS

Top News view more...

Latest News view more...

PTC NETWORK