ਰਾਜਮਾਤਾ ਇਕ ਅਗਾਂਹਵਧੂ ਮਹਿਲਾ ਸੀ ਜੋ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਉਣਾ ਚਾਹੁੰਦੀ ਸੀ

By  Joshi July 25th 2017 11:52 AM

ਚੰਡੀਗੜ: ਸਵਰਗੀ ਰਾਜਮਾਤਾ ਮੋਹਿੰਦਰ ਕੌਰ ਇਕ ਅਗਾਂਹਵਧੂ ਮਹਿਲਾ ਸੀ ਜੋ ਆਪਣੇ ਬੱਚਿਆਂ ਦੀ ਪੜਾਈ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਸੀ। ਖੁਸ਼ਵੰਤ ਸਿੰਘ ਵੱਲੋਂ ਲਿੱਖੀ ਗਈ ਕੈਪਟਨ ਅਮਰਿੰਦਰ ਸਿੰਘ ਦੀ ਅਧਿਕਾਰਿਤ ਜੀਵਨੀ -ਦੀ ਪੀਪਲਜ਼ ਮਹਾਰਾਜਾ- ਵਿਚ ਸਵਰਗੀ ਰਾਜਮਾਤਾ ਦੇ ਸ਼ਬਦਾਂ ਨੂੰ ਅੰਕਿਤ ਕੀਤਾ ਗਿਆ ਹੈ ਜਿਸ ਵਿਚ ਉਨਾਂ ਕਿਹਾ, ‘‘ਇਹ ਮਹਾਰਾਜਾ ਅਤੇ ਮੇਰੀ ਇੱਛਾ ਸੀ ਕਿ ਸਾਡੇ ਬੱਚੇ ਵਧੀਆ ਸੰਭਵੀ ਸਿੱਖਿਆ ਪ੍ਰਾਪਤ ਕਰਨ।’’ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦੇ ਉਨਾ ਅੱਗੇ ਕਿਹਾ, ‘‘ ਮੈਂ ਇਹ ਮਹਿਸੂਸ ਕੀਤਾ ਕਿ ਛੋਟੀ ਉਮਰ ਵਿਚ ਬੋਡਿੰਗ ਸਕੂਲ ਵਿਚ ਜਾਣਾ ਯੁਵਰਾਜ ਲਈ ਬਹੁਤ ਮਹੱਤਵਪੂਰਨ ਸੀ। ਉਸ ਦੀਆਂ ਭੈਣਾਂ ਪਹਿਲਾਂ ਹੀ ਬੋਡਿੰਗ ਵਿਚ ਸਨ ਅਤੇ ਉਹ ਘਰ ਵਿਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਸੀ। ਅਸਲ ਵਿਚ ਮੇਰਾ ਛੋਟਾ ਪੁੱਤਰ ਮਲਵਿੰਦਰ, ਅਮਰਿੰਦਰ ਨਾਲੋਂ ਵੀ ਘੱਟ ਉਮਰ ਵਿਚ ਹੀ ਬੋਡਿੰਗ ਵਿਚ ਚਲਾ ਗਿਆ ਸੀ ਇਸ ਕਰਕੇ ਉਹ ਇਕੱਲਾ ਘਰ ਵਿਚ ਢੁਕਵੇਂ ਢੰਗ ਨਾਲ ਨਹੀਂ ਰਹਿ ਸਕਦਾ ਸੀ ਕਿਉਂਕਿ ਸਾਰੇ ਬੱਚੇ ਚਲੇ ਗਏ ਸਨ।’’ ਦੋਵੇਂ ਰਾਜਮਾਤਾ ਅਤੇ ਮਹਾਰਾਜਾ ਇਹ ਮਹਿਸੂਸ ਕਰਦੇ ਸਨ ਕਿ ਸਿੱਖਿਆ ਨਾ ਕੇਵਲ ਵਿਕਾਸ ਅਤੇ ਪ੍ਰਗਤੀ ਲਈ ਮਹੱਤਵਪੂਰਨ ਹੈ ਸਗੋਂ ਕਿਸੇ ਦਾ ਚਰਿੱਤਰ ਤਰਾਸ਼ਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਵਿਅਕਤੀ ਜਿਹੜੀਆਂ ਕਦਰਾਂ-ਕੀਮਤਾਂ ਗ੍ਰਹਿਣ ਕਰਦਾ ਹੈ ਉਹ ਉਸ ਦੇ ਨਾਲ ਜੀਵਨ ਭਰ ਨਿਭਦੀਆਂ ਹਨ। ਆਪਣੇ ਪਰਉਪਕਾਰੀ ਮੰਨ ਦੇ ਨਾਲ ਰਾਜਮਾਤਾ ਬਹੁਤ ਸਾਰੇ ਸਮਾਜਿਕ ਕਾਰਜਾਂ ਵਿਚ ਸਰਗਰਮ ਸਨ। ਆਜ਼ਾਦੀ ਤੋਂ ਤੁਰੰਤ ਬਾਅਦ ਉਨਾਂ ਨੇ ਪੈਪਸੂ ਲਈ ਕੰਮ ਕੀਤਾ। ਇਹ ਇਕ ਅਜਿਹੀ ਜੱਥੇਬੰਦੀ ਸੀ ਜੋ ਦੇਸ਼ ਦੇ ਬਟਵਾਰੇ ਤੋਂ ਬਾਅਦ ਆਏ ਹਿਜਰਤੀਆਂ ਲਈ ਖੁਰਾਕ ਅਤੇ ਡਾਕਟਰੀ ਸਹਾਇਤਾ ਦੀ ਮਦਦ ਕਰਦੀ ਸੀ। ਉਹ 1964 ਵਿੱਚ ਸਿਆਸਤ ਨਾਲ ਜੁੜੇ ਅਤੇ ਪਹਿਲੀ ਵਾਰ 1967 ਵਿਚ ਸੰਸਦ ਲਈ ਚੁਣੇ ਗਏ। ਉਨਾਂ ਦਾ ਪਰਿਵਾਰ 1971 ਵਿਚ ਨੀਦਰਲੈਂਡ ਚਲਾ ਗਿਆ ਜਿਥੇ ਉਨਾਂ ਦੇ ਪਤੀ ਭਾਰਤੀ ਰਾਜਦੂਤ ਨਿਯੁਕਤ ਕੀਤੇ ਗਏ ਸਨ। ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਟਿਆਲਾ ਵਾਪਸ ਆਏ ਅਤੇ ਉਸ ਸਮੇਂ ਤੋਂ ਹੀ ਨਿਊ ਮੋਤੀ ਬਾਗ ਮਹਿਲ ਵਿਚ ਰਹਿ ਰਹੇ ਸਨ। ਉਨਾਂ ਨੇ ਬਾਅਦ ਦੇ ਸਮੇਂ ਦੌਰਾਨ ਆਪਣਾ ਸਾਰਾ ਜੀਵਨ ਸਮਾਜਿਕ ਕਾਰਜਾਂ ਨੂੰ ਸਮਰਪਿਤ ਕੀਤਾ। —PTC News

Related Post