ਬੱਗਾ ਤੇ ਵਿਸ਼ਵਾਸ ਖ਼ਿਲਾਫ਼ ਦਰਜ ਐਫਆਈਆਰ ਰੱਦ ਹੋਣਾ ਮਾਨ ਤੇ ਕੇਜਰੀਵਾਲ ਲਈ ਵੱਡੀ ਨਮੋਸ਼ੀ : ਬਾਜਵਾ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨਾ ਨਾ ਸਿਰਫ਼ ਭਗਵੰਤ ਮਾਨ ਸਰਕਾਰ ਲਈ ਸਗੋਂ ਉਸ ਦੇ ਸਿਆਸੀ ਗੁਰੂ ਅਰਵਿੰਦ ਕੇਜਰੀਵਾਲ ਲਈ ਵੀ ਵੱਡੀ ਨਮੋਸ਼ੀ ਵਾਲੀ ਗੱਲ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਉਪਰੋਕਤ ਟਿੱਪਣੀ 'ਚ ਭਗਵੰਤ ਮਾਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀ ਤਾਕਤ ਨੂੰ ਨਿੱਜੀ ਇੱਛਾਵਾਂ ਤੇ ਮਨਸੂਬਿਆਂ ਦੀ ਪੂਰਤੀ ਲਈ ਨਾ ਵਰਤਣ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਤਜਿੰਦਰ ਪਾਲ ਸਿੰਘ ਬੱਗਾ ਨੂੰ ਫੜਨ ਲਈ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਲੀ ਭੇਜਣਾ ਇਕ ਨਿਰੋਲ ਸਿਆਸੀ ਬਦਲਾਖੋਰੀ ਸੀ ਤੇ ਇਹ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਉਪਰ ਇਹ ਕਾਰਵਾਈ ਕੀਤੀ ਗਈ ਸੀ। ਇਸੇ ਤਰ੍ਹਾਂ ਕੁਮਾਰ ਵਿਸ਼ਵਾਸ ਦੇ ਮਾਮਲੇ 'ਚ ਵੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਉਤੇ ਹੀ ਪੰਜਾਬ ਪੁਲਿਸ ਨੇ ਨਾਮਵਰ ਕਵੀ ਉਪਰ ਮਾਮਲਾ ਦਰਜ ਕੀਤਾ ਸੀ। ਅਰਵਿੰਦ ਕੇਜਰੀਵਾਲ ਆਪਣੇ ਪੁਰਾਣੇ ਸਹਿਯੋਗੀ ਤੇ ‘ਆਪ’ ਦੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਵੱਲੋਂ ਕੀਤੀ ਜਾ ਰਹੀ ਆਲੋਚਨਾ ਨੂੰ ਬਰਦਾਸ਼ਤ ਨਹੀਂ ਕਰ ਸਕੇ ਤੇ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਇਸੇ ਕਰਕੇ ਉਸ ਵਿਰੁੱਧ ਪੰਜਾਬ ਦੇ ਰੂਪਨਗਰ 'ਚ ਐਫਆਈਆਰ ਦਰਜ ਕੀਤੀ ਗਈ ਸੀ। ਦੋਵਾਂ ਮਾਮਲਿਆਂ 'ਚ ਬੱਗਾ ਤੇ ਵਿਸ਼ਵਾਸ ਨੇ ਕਥਿਤ ਤੌਰ 'ਤੇ ਦਿੱਲੀ 'ਚ ਬਿਆਨ ਦਿੱਤੇ ਸਨ। ਇਸ ਲਈ ਪੰਜਾਬ ਪੁਲਿਸ ਕੋਲ ਬੱਗਾ ਨੂੰ ਗ੍ਰਿਫਤਾਰ ਕਰਨ ਤੇ ਵਿਸ਼ਵਾਸ ਵਿਰੁੱਧ ਪੰਜਾਬ ਵਿੱਚ ਕੇਸ ਦਰਜ ਕਰਕੇ ਦਿੱਲੀ ਜਾ ਕੇ ਕੋਈ ਅਧਿਕਾਰ ਖੇਤਰ ਨਹੀਂ ਸੀ। ਬਾਜਵਾ ਨੇ ਅੱਗੇ ਕਿਹਾ, “ਹਾਈ ਕੋਰਟ ਵੱਲੋਂ ਐਫਆਈਆਰਜ਼ ਨੂੰ ਰੱਦ ਕਰਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੋਵੇਂ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਆਪਣੇ ਵਿਰੋਧੀਆਂ 'ਤੇ ਬਰਾਊਨੀ ਪੁਆਇੰਟ ਹਾਸਲ ਕਰਨ ਲਈ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ (ਬੀਐਫਯੂਐਚਐਸ) ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦੇ ਮਾਮਲੇ 'ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਉਨ੍ਹਾਂ ਦੀ ਸਿਫ਼ਾਰਿਸ਼ ਨੂੰ ਸਾਫ਼-ਸਾਫ਼ ਠੁਕਰਾਏ ਜਾਣ ਮਗਰੋਂ ਭਗਵੰਤ ਮਾਨ ਸਰਕਾਰ ਨੂੰ ਇਕ ਹੋਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵੀ ਪੜ੍ਹੋ : ਫ਼ਰੀਦਾਬਾਦ ਨਗਰ ਨਿਗਮ ਦਾ ਕਾਰਨਾਮਾ, ਇਕ-ਇਕ ਔਰਤ ਦੇ 196 ਬੱਚੇ ਇਸੇ ਤਰ੍ਹਾਂ ਕੁਝ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਏ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂੰ ਜੋ ਕੁਝ ਦਿਨ ਪਹਿਲਾਂ ਪੁਲਿਸ ਦੀ ਲਾਪਰਵਾਹੀ ਕਾਰਨ ਪੁਲਿਸ ਦੀ ਗ੍ਰਿਫ਼ਤ ਤੋਂ ਫ਼ਰਾਰ ਹੋ ਗਿਆ ਸੀ, ਦੱਖਣੀ ਅਫ਼ਰੀਕਾ ਪਹੁੰਚਣ 'ਚ ਕਾਮਯਾਬ ਹੋ ਗਿਆ ਹੈ। ਬਾਜਵਾ ਨੇ ਕਿਹਾ, "ਜੇ ਇਹ ਰਿਪੋਰਟਾਂ ਸੱਚ ਹਨ ਤਾਂ ਇਹ ਭਗਵੰਤ ਮਾਨ ਸਰਕਾਰ ਨੇ ਇਕ ਵੱਡੀ ਲਾਪ੍ਰਵਾਹੀ ਕੀਤੀ ਹੈ। ਡਾ. ਭੀਮ ਰਾਓ ਅੰਬੇਡਕਰ 'ਤੇ ਦੋਹਰੇ ਮਾਪਦੰਡਾਂ ਦਾ ਪੂਰੀ ਤਰ੍ਹਾਂ ਨਾਲ ਪਰਦਾਫਾਸ਼ ਕੀਤੇ ਜਾਣ ਤੋਂ ਬਾਅਦ ਬਾਜਵਾ ਨੇ ਭਾਜਪਾ ਤੇ 'ਆਪ' ਦੋਵਾਂ ਪਾਰਟੀਆਂ 'ਤੇ ਵੀ ਹਮਲਾ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਆਪਣੇ ਕੈਬਨਿਟ ਮੰਤਰੀ ਰਾਜਿੰਦਰ ਪਾਲ ਗੌਤਮ ਨੂੰ ਕਿਉਂ ਬਰਖਾਸਤ ਕੀਤਾ? ਮੰਤਰੀ ਸਿਰਫ਼ ਉਹੀ ਦੁਹਰਾ ਰਿਹਾ ਸੀ ਜੋ ਡਾ. ਅੰਬੇਡਕਰ ਨੇ ਲਗਭਗ 66 ਸਾਲ ਪਹਿਲਾਂ ਨਾਗਪੁਰ 'ਚ ਜਨਤਕ ਤੌਰ 'ਤੇ ਕਿਹਾ ਸੀ ਅਤੇ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਤਾਬਾਂ 'ਚ ਪ੍ਰਕਾਸ਼ਤ ਕੀਤਾ ਸੀ। -PTC News