EXCLUSIVE: ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤੇ ਝੂਠੇ ਅੰਕੜੇ? CAG ਦੀ ਰਿਪੋਰਟ ਨੇ ਜ਼ਾਹਿਰ ਕੀਤਾ ਸੱਚ

By  Jasmeet Singh October 27th 2022 08:51 AM -- Updated: October 27th 2022 10:43 AM

ਚੰਡੀਗੜ੍ਹ, 27 ਅਕਤੂਬਰ: ਆਮ ਲੋਕਾਂ ਵੱਲੋਂ ਚੁਣੀ ਗਈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਬਿਆਨਾਂ ਕਰਕੇ ਆਏ ਦਿਨ ਨਵਾਂ ਵਿਵਾਦ ਛਿੜ ਜਾਂਦਾ ਜਿਸ ਨਾਲ ਆਮ ਲੋਕਾਂ ਦੀ ਇਹ ਸਰਕਾਰ ਹਰ ਗੁਜ਼ਰਦੇ ਦਿਨ ਦੇ ਨਾਲ ਖ਼ਾਸ ਬਣਦੀ ਜਾ ਰਹੀ ਹੈ। ਨਵਾਂ ਮੁੱਦਾ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈਕੇ ਹੈ। ਪੰਜਾਬ ਸਰਕਾਰ ਵੱਲੋਂ ਆਮਦਨ ਵਿੱਚ ਵਾਧੇ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਅਸਲ ਵਿੱਚ ਪੰਜਾਬ ਸਰਕਾਰ ਦੀ ਆਮਦਨ ਵਿੱਚ ਵੱਡੀ ਕਮੀ ਆਈ ਹੈ। ਪੰਜਾਬ ਦੀ ਵਿੱਤੀ ਹਾਲਤ ਇਸ ਸਮੇ ਜ਼ਿਆਦਾ ਵਧੀਆ ਨਹੀਂ ਹੈ ਅਤੇ ਜਿਸ ਲਈ ਆਉਂਦੇ ਦਿਨਾਂ 'ਚ ਜ਼ਿਆਦਾ ਸੁਧਾਰ ਵੀ ਨਜ਼ਰ ਨਹੀਂ ਆ ਰਿਹਾ ਹੈ। 'ਆਪ' ਸਰਕਾਰ 'ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਮਹੀਨੇ ਦੇ ਸ਼ੁਰੂਆਤ 'ਚ ਟਵੀਟ ਕਰ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸੀ ਕਿ ਸੂਬੇ ਨੂੰ ਜੀਐਸਟੀ ਰਾਹੀਂ 22.60 ਫ਼ੀਸਦੀ ਦਾ ਵਾਧਾ ਹੋਇਆ, ਜੋ ਕਿ ਪੰਜਾਬ ਭਰ ਦੇ ਨਿਊਜ਼ ਚੈਨਲਾਂ ਵੱਲੋਂ ਕਵਰ ਵੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਸੀ ਕਿ ਪਿਛਲੇ 6 ਮਹੀਨਿਆਂ ਵਿੱਚ ਜੀਐਸਟੀ ਰਾਹੀਂ 10604 ਕਰੋੜ ਦਾ ਵਾਧਾ ਹੋਇਆ ਹੈ ਪਰ ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਕਰਜ਼ੇ ਨੂੰ ਵੀ ਮੁਨਾਫ਼ੇ ਵਿੱਚ ਜੋੜ ਕੇ ਪੇਸ਼ ਕੀਤਾ ਗਿਆ। ਕਾਬਲੇਗੌਰ ਹੈ ਕਿ CAG ਵੱਲੋਂ ਪੇਸ਼ ਕੀਤੀ ਰਿਪੋਰਟ, ਜੋ ਗਲਤ ਨਹੀਂ ਹੋ ਸਕਦੀ, ਉਸ ਵਿੱਚ ਸਰਕਾਰ ਨੇ ਲਏ ਗਏ ਕਰਜ਼ੇ ਨੂੰ ਵੀ ਮੁਨਾਫ਼ਾ ਪ੍ਰਦਰਸ਼ਿਤ ਕੀਤਾ। ਇਸਦਾ ਅਰਥ ਹੈ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ, ਸੱਚ ਨੂੰ ਗੋਲਮੋਲ ਕਰਕੇ ਪੇਸ਼ ਕੀਤਾ ਜਾ ਰਿਹਾ। cheema3 ਪੰਜਾਬ ਸਰਕਾਰ ਨੇ ਅਪ੍ਰੈਲ 2022 ਤੋਂ ਲੈ ਕੇ 30 ਸਤੰਬਰ ਤੱਕ 11464 .68 ਕਰੋੜ ਦਾ ਕਰਜ਼ਾ ਲਿਆ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜਾਬ ਸਰਕਾਰ ਨੇ ਅਪ੍ਰੈਲ ਵਿੱਚ 419 ਕਰੋੜ, ਮਈ ਵਿੱਚ 2447.54 ਕਰੋੜ, ਜੁਲਾਈ ਵਿੱਚ 3385.41 ਕਰੋੜ ਦਾ ਕਰਜ਼ਾ ਲਿਆ ਹੈ। ਇਸ ਤੋਂ ਇਲਾਵਾ ਅਗਸਤ ਵਿੱਚ 1466.62 ਕਰੋੜ ਦਾ ਕਰਜ਼ਾ ਲਿਆ ਹੈ ਅਤੇ ਪਿਛਲੇ ਮਹੀਨੇ ਸਤੰਬਰ ਦਰਮਿਆਨ ਵੀ 5875.70 ਦਾ ਮਾਰਕੀਟ ਤੋਂ ਕਰਜ਼ਾ ਲਿਆ ਹੈ। ਪੰਜਾਬ ਸਰਕਾਰ ਦੇ 7803 ਕਰੋੜ ਰੁਪਏ ਵਿਆਜ ਵਿੱਚ ਚਲੇ ਗਏ ਹਨ। ਪੰਜਾਬ ਸਰਕਾਰ ਨੇ ਅਪ੍ਰੈਲ ਵਿੱਚ 914.41, ਮਈ ਵਿੱਚ 737.66 ਕਰੋੜ, ਜੂਨ 'ਚ 1354.07 ਕਰੋੜ, ਜੁਲਾਈ ਵਿੱਚ 1165.13 ਕਰੋੜ, ਅਗਸਤ ਵਿੱਚ 1310.84 ਕਰੋੜ, ਸਤੰਬਰ 'ਚ 2321.41 ਕਰੋੜ ਰੁਪਏ ਦਾ ਵਿਆਜ ਚੁਕਾਇਆ ਹੈ। ਜੀਐਸਟੀ ਤੋਂ ਆਮਦਨ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੂੰ ਜੀਐਸਟੀ ਤੋਂ ਹੋਣ ਵਾਲੇ ਮੁਨਾਫ਼ੇ ਵਿੱਚ 3 ਫ਼ੀਸਦੀ ਦੀ ਕਮੀ ਆਈ ਹੈ। ਸਟੈਂਪ ਡਿਊਟੀ ਤੋਂ ਆਮਦਨ ਵਿੱਚ 2 ਫ਼ੀਸਦੀ ਦੀ ਕਮੀ ਆਈ ਹੈ। ਜਮੀਨੀ ਆਮਦਨ ਵਿੱਚ 17 ਫ਼ੀਸਦੀ ਦੀ ਕਮੀ ਆਈ ਹੈ। ਪੈਟਰੋਲ ਤੋਂ ਆਮਦਨ ਵਿੱਚ 15 ਫ਼ੀਸਦੀ ਦੀ ਕਮੀ ਆਈ ਹੈ। ਸ਼ਰਾਬ ਤੋਂ ਆਮਦਨ ਵਿੱਚ ਮਹਿਜ਼ 0.2 ਫ਼ੀਸਦੀ ਵੱਧ ਆਮਦਨ ਹੋਈ ਹੈ। ਕੇਂਦਰੀ ਕਰਾ ਦੇ ਰੂਪ ਵਿੱਚ ਆਮਦਨ ਵਿੱਚ 7 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਨਾਨ ਟੈਕਸ ਰੈਵੇਨਿਊ ਵਿੱਚ 15 ਫ਼ੀਸਦੀ ਦਾ ਵਾਧਾ ਹੋਇਆ ਹੈ। PTC News ਦੇ ਹੱਥ ਲੱਗੀ ਉਕਤ ਸਰਕਾਰੀ ਰਿਪੋਰਟ 'ਤੇ ਪੂਰੀ ਨਜ਼ਰ ਮਾਰੀਏ ਤਾਂ ਆਂਕੜੇ ਕੁੱਝ ਹੋਰ ਹੀ ਕਹਿੰਦੇ ਹਨ, ਇਹ ਰਿਪੋਰਟ ਮੁਨਾਫ਼ਿਆਂ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਹੋ ਰਹੇ ਘਾਟਿਆਂ 'ਤੇ ਵੀ ਚਾਣਨ ਪਾਉਂਦੀ ਹੈ। ਰਿਪੋਰਟ ਇਹ ਸੱਚ ਜੱਗ ਜ਼ਾਹਿਰ ਕਰਦੀ ਹੈ ਕਿ 'ਆਪ' ਸਰਕਾਰ ਦੇ ਮੰਤਰੀ ਹਰ ਫਰੰਟ 'ਤੇ ਅਸਫ਼ਲ ਹੋ ਰਹੇ ਹਨ। - ਰਿਪੋਰਟਰ ਰਵਿੰਦਰਮੀਤ ਦੇ ਸਹਿਯੋਗ ਨਾਲ -PTC News

Related Post