ਡੇਂਗੂ ਮਰੀਜ਼ ਨੂੰ ਮੋਸੰਬੀ ਦਾ ਜੂਸ ਚੜ੍ਹਾਉਣ ਵਾਲੇ ਹਸਪਤਾਲ 'ਤੇ ਚੱਲੇਗਾ ਬੁਲਡੋਜ਼ਰ! ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ

By  Jasmeet Singh October 26th 2022 12:14 PM

ਪ੍ਰਯਾਗਰਾਜ, 26 ਅਕਤੂਬਰ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਡੇਂਗੂ ਦੇ ਮਰੀਜ਼ ਨੂੰ ਪਲੇਟਲੈਟਸ ਦੀ ਬਜਾਏ ਮੋਸੰਬੀ ਦਾ ਜੂਸ ਦੇਣ ਦੇ ਮਾਮਲੇ 'ਚ ਦੋਸ਼ੀ ਹਸਪਤਾਲ 'ਤੇ ਬੁਲਡੋਜ਼ਰ ਦੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਯਾਗਰਾਜ ਪ੍ਰਸ਼ਾਸਨ ਵੱਲੋਂ ਹਸਪਤਾਲ ਪ੍ਰਬੰਧਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਲ੍ਹੇ ਦੇ ਝਾਲਵਾ ਇਲਾਕੇ 'ਚ ਸਥਿਤ ਗਲੋਬਲ ਹਸਪਤਾਲ 'ਤੇ ਪਲੇਟਲੈਟਸ ਦੀ ਬਜਾਏ ਮੋਸੰਬੀ ਦਾ ਜੂਸ ਦੇਣ ਦਾ ਦੋਸ਼ ਹੈ। ਜਦੋਂ ਡੇਂਗੂ ਪੀੜਤ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਨੂੰ ਦੂਜੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਉਥੇ ਉਸ ਦੀ ਮੌਤ ਹੋ ਗਈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਬ੍ਰਜੇਸ਼ ਪਾਠਕ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਸਰਗਰਮ ਹੋ ਗਿਆ। ਹਸਪਤਾਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਸਪਤਾਲ ਪ੍ਰਬੰਧਕਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਹਸਪਤਾਲ ਦੀ ਜਾਂਚ ਕਰਵਾਈ। ਪਤਾ ਲੱਗਿਆ ਕਿ ਇਸ ਦਾ ਨਕਸ਼ਾ ਪਾਸ ਨਹੀਂ ਹੋਇਆ ਹੈ। ਅਜਿਹੇ 'ਚ ਹਸਪਤਾਲ ਦੀ ਇਮਾਰਤ ਨੂੰ ਗੈਰ-ਕਾਨੂੰਨੀ ਮੰਨਿਆ ਗਿਆ ਹੈ ਅਤੇ ਇਸ ਨੂੰ ਤੋੜਨ ਲਈ ਨੋਟਿਸ ਜਾਰੀ ਕੀਤਾ ਗਿਆ। ਗਲੋਬਲ ਹਸਪਤਾਲ ਦਾ ਨਕਸ਼ਾ ਪਾਸ ਨਾ ਹੋਣ ਦੇ ਮਾਮਲੇ 'ਚ ਪ੍ਰਯਾਗਰਾਜ ਵਿਕਾਸ ਅਥਾਰਟੀ (ਪੀਡੀਏ) ਨੇ ਵੱਡੀ ਕਾਰਵਾਈ ਕੀਤੀ ਹੈ। ਹਸਪਤਾਲ ਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੂੰ ਇਸ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜਵਾਬ ਹਸਪਤਾਲ ਪ੍ਰਬੰਧਨ ਦੁਆਰਾ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਦਾਖਲ ਕਰਨਾ ਹੋਵੇਗਾ। ਪੀਡੀਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਉਦੋਂ ਸਾਹਮਣੇ ਆਈ ਹੈ ਜਦੋਂ ਘਟਨਾ ਤੋਂ ਬਾਅਦ ਇਮਾਰਤ ਦੀ ਜਾਂਚ ਕੀਤੀ ਗਈ। ਅਜਿਹੇ 'ਚ ਹਸਪਤਾਲ ਪ੍ਰਬੰਧਨ ਨੂੰ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜੇਕਰ ਹਸਪਤਾਲ ਪ੍ਰਸ਼ਾਸਨ ਦਾ ਜਵਾਬ ਤਸੱਲੀਬਖਸ਼ ਨਾ ਹੋਇਆ ਤਾਂ ਪੀਡੀਏ ਹਸਪਤਾਲ 'ਤੇ ਬੁਲਡੋਜ਼ਰ ਕਾਰਵਾਈ ਦੇ ਹੁਕਮ ਜਾਰੀ ਕਰ ਸਕਦੀ ਹੈ। ਡੇਂਗੂ ਦੇ ਮਰੀਜ਼ ਨੂੰ ਡ੍ਰਿੱਪ ਰਾਹੀਂ ਮੋਸੰਬੀ ਦਾ ਜੂਸ ਚੜ੍ਹਾਉਣ ਦਾ ਮਾਮਲਾ ਪ੍ਰਯਾਗਰਾਜ ਪ੍ਰਸ਼ਾਸਨ ਨੇ ਹਸਪਤਾਲ 'ਤੇ ਕਾਰਵਾਈ ਕਰਦਿਆਂ ਧੂਮਨਗੰਜ ਥਾਣਾ ਖੇਤਰ ਅਧੀਨ ਆਉਂਦੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਚੀਫ ਮੈਡੀਕਲ ਅਫਸਰ (ਸੀ.ਐੱਮ.ਓ.) ਦੇ ਨਿਰਦੇਸ਼ਾਂ 'ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਪਲੇਟਲੈਟਸ ਦੇ ਨਮੂਨੇ ਦੀ ਜਾਂਚ ਹੋਣ ਤੱਕ ਹਸਪਤਾਲ ਸੀਲ ਰਹੇਗਾ। ਅਧਿਕਾਰੀ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਵੱਲੋਂ ਪਲੇਟਲੈਟਸ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਲੇਟਲੈਟਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਦੀ ਪੂਰੀ ਤਲਾਸ਼ੀ ਲਈ ਗਈ। -PTC News

Related Post