ਨਵੀਂ ਦਿੱਲੀ : ਦਿੱਲੀ ਵਿਖੇ ਅੱਜ ਇਕ ਦਰਦਨਾਕ ਘਟਨਾ ਵਾਪਰ ਗਈ। ਦਿੱਲੀ ਦੇ ਸੱਤਿਆ ਨਿਕੇਤਨ ਖੇਤਰ ਵਿੱਚ ਇਕ ਉਸਾਰੀ ਅਧੀਨ ਇਮਾਰਤ ਢਹਿ-ਢੇਰੀ ਹੋ ਗਈ ਤੇ ਇਸ ਦੇ ਮਲਬੇ ਹੇਠਾਂ 5 ਮਜ਼ਦੂਰਾਂ ਦੇ ਨਾਲ-ਨਾਲ ਕਈ ਲੋਕਾਂ ਦੇ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਇਮਾਰਤ ਡਿੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ਉਤੇ ਪੁੱਜੀਆਂ ਹਨ। ਦਿੱਲੀ ਫਾਇਰ ਬ੍ਰਿਗੇਡ ਸੇਵਾਵਾਂ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ। ਮਲਬੇ ਨੂੰ ਹਟਾਉਣ ਲਈ ਲੋਕਾਂ ਅਤੇ ਜੇਸੀਬੀ ਦੀ ਮਦਦ ਲਈ ਜਾ ਰਹੀ ਹੈ। ਫਾਇਰ ਬ੍ਰਿਗੇਡ ਅਨੁਸਾਰ ਜਿਹੜੀ ਇਮਾਰਤ ਡਿੱਗੀ ਹੈ ਉਹ ਤਿੰਨ ਮੰਜ਼ਿਲਾ ਹੈ ਤੇ ਉਸਾਰੀ ਅਧੀਨ ਸੀ। ਵੱਡੀ ਗਿਣਤੀ ਵਿੱਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ ਅਤੇ ਥੱਲੇ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਸਮੇਂ ਤਿੰਨ ਕੰਮ ਮਜ਼ਦੂਰ ਉਤੇ ਲੱਗੇ ਹੋਏ ਸਨ ਤਾਂ ਇਕਦਮ ਇਮਾਰਤ ਢਹਿ-ਢੇਰੀ ਹੋ ਗਈ। ਇਸ ਤੋਂ ਬਾਅਦ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਸੱਤਿਆ ਨਿਕੇਤਨ ਖੇਤਰ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਦੀ ਸੂਚਨਾ ਮਿਲੀ ਹੈ। ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ। 5 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਸਥਾਨਕ ਲੋਕ, ਪੁਲਿਸ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜੰਗੀ ਪੱਧਰ ਉਤੇ ਮਲਬੇ ਨੂੰ ਹਟਾਉਣ ਵਿਚ ਲੱਗੇ ਹੋਏ ਹਨ ਤਾਂ ਜੋ ਜਲਦ ਤੋਂ ਜਲਦ ਲੋਕਾਂ ਨੂੰ ਕੱਢਿਆ ਜਾ ਸਕੇ। ਮੌਕੇ ਉਤੇ ਪੁਲਿਸ ਦੇ ਉਚ ਅਧਿਕਾਰੀ ਵੀ ਪੁੱਜ ਚੁੱਕੇ ਹਨ। ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਡੇਰਾਮੁਖੀ ਨੇ ਨਿੱਜੀ ਤੌਰ 'ਤੇ ਪੇਸ਼ੀ ਤੋਂ ਛੋਟ ਮੰਗੀ, ਅਗਲੀ ਸੁਣਵਾਈ 2 ਮਈ ਨੂੰ