ਗੁਜਰਾਤ ਦੇ ਸਾਬਰਮਤੀ ਆਸ਼ਰਮ ਪਹੁੰਚੇ ਬੋਰਿਸ ਜਾਨਸਨ, ਦੋ ਦਿਨਾਂ ਦੌਰੇ ‘ਤੇ ਆਏ ਹਨ ਭਾਰਤ
ਚੰਡੀਗੜ੍ਹ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅੱਜ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਉਹ ਗੁਜਰਾਤ ਦੇ ਸਾਬਰਮਤੀ ਆਸ਼ਰਮ ਪਹੁੰਚੇ । ਦੂਜੇ ਪਾਸੇ ਉਹ ਸ਼ੁੱਕਰਵਾਰ ਨੂੰ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਦੋਵੇਂ ਦੇਸ਼ ਰੱਖਿਆ ਅਤੇ ਵਪਾਰ ਦੇ ਖੇਤਰ ਵਿੱਚ ਆਪਣੇ ਸਬੰਧਾਂ ਨੂੰ ਹੋਰ ਅੱਗੇ ਲਿਜਾਣਾ ਚਾਹੁੰਦੇ ਹਨ।
ਦੱਸ ਦੇਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਭਾਰਤ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਆਪਣੇ ਸਿਖਰ 'ਤੇ ਹੈ। ਇਸ ਤੋਂ ਪਹਿਲਾਂ ਬੋਰਿਸ ਜਾਨਸਨ ਨੂੰ ਵੀ ਯੂਕਰੇਨ ਦੀ ਰਾਜਧਾਨੀ ਕੀਵ ਦੀਆਂ ਸੜਕਾਂ 'ਤੇ ਘੁੰਮਦੇ ਦੇਖਿਆ ਗਿਆ ਸੀ।
ਆਪਣੀ ਗੁਜਰਾਤ ਫੇਰੀ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਿਗਿਆਨ, ਸਿਹਤ, ਤਕਨਾਲੋਜੀ ਦੇ ਖੇਤਰਾਂ ਵਿੱਚ ਨਿਵੇਸ਼ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਬਾਅਦ ਸ਼ੁੱਕਰਵਾਰ ਯਾਨੀ ਭਲਕੇ ਬੋਰਿਸ ਜਾਨਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਬੈਠਕ 'ਚ ਰੱਖਿਆ ਅਤੇ ਵਪਾਰ ਸਮਝੌਤਿਆਂ 'ਤੇ ਚਰਚਾ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਦਾ ਟੀਚਾ ਸਾਲ 2035 ਤੱਕ ਆਪਣੇ ਕਾਰੋਬਾਰ ਨੂੰ 36.5 ਬਿਲੀਅਨ ਡਾਲਰ ਤੱਕ ਵਧਾਉਣ ਦਾ ਹੈ। ਇੱਕ ਸਮਾਂ ਸੀ ਜਦੋਂ ਬ੍ਰਿਟੇਨ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ ਪਰ ਹੁਣ ਬ੍ਰਿਟੇਨ 17ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਸ ਸਮੇਂ ਭਾਰਤ ਦਾ ਜ਼ਿਆਦਾਤਰ ਵਪਾਰ ਅਮਰੀਕਾ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਨਾਲ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਪੀਟੀਆਈ ਦੇ ਮੁਤਾਬਿਕ ਪੀਐਮ ਮੋਦੀ ਅਤੇ ਬੋਰਿਸ ਜਾਨਸਨ ਮੇਕ ਇਨ ਇੰਡੀਆ ਮੁਹਿੰਮ ਦਾ ਹਿੱਸਾ ਬਣਨ ਬਾਰੇ ਚਰਚਾ ਕਰਨਗੇ। ਬ੍ਰਿਟੇਨ ਰੱਖਿਆ ਖੇਤਰ ਵਿੱਚ ਭਾਰਤ ਨਾਲ ਸਹਿਯੋਗ ਕਰਨ ਲਈ ਤਿਆਰ ਹੈ ਅਤੇ ਮਿਲਟਰੀ ਹਾਰਡਵੇਅਰ ਦਾ ਉਤਪਾਦਨ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ:ਜਹਾਂਗੀਰਪੁਰੀ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਅਹਿਮ ਸੁਣਵਾਈ
-PTC News